ਮੁੱਖ ਮੰਤਰੀ ਦਰਬਾਰੇ ਵੀ ਸਿੱਖਿਆ ਵਿਭਾਗ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਨਹੀਂ ਮਿਲਿਆ ਇਨਸਾਫ

Tuesday, Mar 10, 2020 - 01:00 AM (IST)

ਮੁੱਖ ਮੰਤਰੀ ਦਰਬਾਰੇ ਵੀ ਸਿੱਖਿਆ ਵਿਭਾਗ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਨਹੀਂ ਮਿਲਿਆ ਇਨਸਾਫ

ਮੋਹਾਲੀ,(ਨਿਆਮੀਆਂ)- ਦੂਰ-ਦੁਰਾਡੇ ਕੀਤੀਆਂ ਬਦਲੀਆਂ ਤੋਂ ਪ੍ਰੇਸ਼ਾਨ ਸਿੱਖਿਆ ਵਿਭਾਗ ਦੀਆਂ ਮਹਿਲਾ ਮੁਲਾਜ਼ਮਾਂ ਦੀ ਸੋਮਵਾਰ ਮੁੱਖ ਮੰਤਰੀ ਦਰਬਾਰੇ ਵੀ ਕੋਈ ਸੁਣਵਾਈ ਨਹੀਂ ਹੋਈ। ਸੋਮਵਾਰ ਸਵੇਰੇ ਵਿਭਾਗ ਦੇ ਆਦੇਸ਼ ਅਨੁਸਾਰ ਮਹਿਲਾ ਮੁਲਾਜ਼ਮ ਮੁੱਖ ਦਫ਼ਤਰ ਮੋਹਾਲੀ ਪੁੱਜੀਆਂ, ਜਿੱਥੇ ਮੋਹਾਲੀ ਪ੍ਰਸ਼ਾਸਨ ਵਲੋਂ ਮੁਲਾਜ਼ਮਾਂ ਨੂੰ ਦਫਤਰ ਜਾਣ ਤੋਂ ਰੋਕ ਦਿੱਤਾ ਗਿਆ, ਜਿਸ 'ਤੇ ਮੁਲਾਜ਼ਮਾਂ ਵਲੋਂ ਇਕੱਠੇ ਹੋ ਕੇ ਸਟੇਸ਼ਨ ਲੈਣ ਦਾ ਬਾਈਕਾਟ ਕਰ ਦਿੱਤਾ ਗਿਆ। ਜਿਸ ਉਪਰੰਤ ਮੋਹਾਲੀ ਪ੍ਰਸ਼ਾਸਨ ਵਲੋਂ ਵਿਭਾਗੀ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਪਰ ਕੋਈ ਹੱਲ ਨਾ ਹੋਣ 'ਤੇ ਮੁਲਾਜ਼ਮਾਂ ਵਲੋਂ ਕੀਤੇ ਐਲਾਨ ਅਨੁਸਾਰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ ਗਏ, ਜਿਥੇ ਮੁੱਖ ਮੰਤਰੀ ਨਿਵਾਸ ਪੁੱਜੀਆਂ ਮੁਲਾਜ਼ਮਾਂ ਨੂੰ ਚੰਡੀਗੜ੍ਹ ਪੁਲਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ। ਹਿਰਾਸਤ ਵਿਚ ਲੈਣ ਉਪਰੰਤ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਦੇ ਓ. ਐੱਸ. ਡੀ. ਸੰਦੀਪ ਬਰਾੜ ਨਾਲ ਮੁਲਾਕਾਤ ਕਰਵਾਈ ਗਈ, ਜਿਸ ਦੌਰਾਨ ਸੰਦੀਪ ਬਰਾੜ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਅਤੇ 3.30 ਵਜੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨਾਲ ਮੁਲਾਕਾਤ ਫਿਕਸ ਕਰਵਾਈ ਪਰ ਮੁਲਾਜ਼ਮਾਂ ਦੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨਾਲ ਹੋਈ ਮੁਲਾਕਾਤ ਬੇਸਿੱਟਾ ਰਹੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਇਥੋਂ ਤਕ ਕਹਿ ਦਿੱਤਾ ਕਿ ਨੌਕਰੀ ਕਰਨੀ ਹੈ ਤਾਂ ਕਰੋ, ਨਹੀਂ ਤਾਂ ਛੱਡ ਦਿਓ।

ਜਥੇਬੰਦੀ ਦੇ ਆਗੂਆਂ ਵਿਕਾਸ ਕੁਮਾਰ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਅਸ਼ੀਸ਼ ਜੁਲਹਾ, ਤਰਨਜੀਤ ਕੌਰ, ਦੀਪਿਕਾ ਮੌਗਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਘਰ-ਘਰ ਨੌਕਰੀ ਦੇਣ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਨੌਕਰੀ ਛੱਡਣ ਲਈ ਕਿਹਾ ਜਾ ਰਿਹਾ ਹੈ, ਜੋ ਕਿ ਨਿੰਦਣਯੋਗ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਜ਼ਬਰੀ ਕੀਤੀਆਂ ਜਾ ਰਹੀਆਂ ਬਦਲੀਆਂ ਦਾ ਡਟ ਕੇ ਵਿਰੋਧ ਕਰਦੀ ਹੈ ਅਤੇ 14 ਮਾਰਚ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਬੱਚਿਆਂ ਸਮੇਤ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।


Related News