ਸਿੱਖਿਆ ਵਿਭਾਗ ਨੇ 6635 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ

Saturday, Oct 16, 2021 - 05:45 PM (IST)

ਸਿੱਖਿਆ ਵਿਭਾਗ ਨੇ 6635 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ

ਚੰਡੀਗੜ੍ਹ : ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਵਿਭਾਗ ਵਿਚ ਚੱਲ ਰਹੀਆਂ ਵੱਖ-ਵੱਖ ਭਰਤੀ ਪ੍ਰਕਿਰਿਆਵਾਂ ਨੂੰ ਸਮਾਂ ਰਹਿੰਦਿਆਂ ਮੁਕੰਮਲ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਅੱਜ ਈ.ਟੀ.ਟੀ. ਅਧਿਆਪਕਾਂ ਦੀਆਂ 6635 ਅਸਾਮੀਆਂ ਲਈ ਭਰਤੀ ਪ੍ਰੀਖਿਆ ਕਰਵਾਈ ਗਈ। ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਨੇ ਵਿਭਾਗ ਨੇ ਪ੍ਰੀਖਿਆ ਪ੍ਰਬੰਧਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਬਹੁਤ ਹੀ ਵਧੀਆ ਕਾਰਜ ਨੇਪਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 18,900 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਆਰੰਭੀ ਹੋਈ ਹੈ ਜੋ ਜਲਦ ਹੀ ਮੁਕੰਮਲ ਕਰ ਕੇ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।

ਅੱਜ ਹੋਈ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਅਤੇ ਭਰਤੀ ਬੋਰਡ ਦੇ ਅਧਿਕਾਰੀ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਪੰਜਾਬ ਦੇ 7 ਜ਼ਿਲ੍ਹਿਆਂ ਵਿਚ 95 ਪ੍ਰੀਖਿਆ ਕੇਂਦਰ ਬਣਾਏ ਗਏ ਜਿਨ੍ਹਾਂ ਵਿਚ 22982 ਉਮੀਦਵਾਰਾਂ ਵਿਚੋਂ 19963 ਉਮੀਦਵਾਰਾਂ ਨੇ ਹਾਜ਼ਰ ਹੋ ਕੇ ਪ੍ਰੀਖਿਆ ਦਿੱਤੀ ਜੋ ਕਿ 86.86 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪ੍ਰੀਖਿਆ ਕੇਂਦਰਾਂ ਵਿਚ ਨਿਗਰਾਨ ਅਮਲੇ ਨੇ ਚੁਸਤੀ ਫੁਰਤੀ ਦਿਖਾ ਕੇ 2 ਫਰਜ਼ੀ (ਇਮਪਰਸੋਨੇਸ਼ਨ) ਕੇਸ ਫੜ੍ਹੇ। ਇਕ ਕੇਸ ਜਲਾਲਾਬਾਦ ਦੇ ਪ੍ਰੀਖਿਆ ਕੇਂਦਰ ਅਤੇ ਇਕ ਕੇਸ ਅਬੋਹਰ ਦੇ ਪ੍ਰੀਖਿਆ ਕੇਂਦਰ ਵਿਚ ਸਾਹਮਣੇ ਆਇਆ ਜਿੱਥੇ ਉਮੀਦਵਾਰ ਦੀ ਥਾਂ ਹੋਰ ਦੂਜਾ ਵਿਅਕਤੀ ਪ੍ਰੀਖਿਆ ਦਿੰਦਾ ਫੜਿਆ ਗਿਆ। ਇਨ੍ਹਾਂ ਦੋਵੇਂ ਕੇਸਾਂ ਵਿਚ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਉਮੀਦਵਾਰ ਇਮਪਰਸੋਨੇਸ਼ਨ ਦੇ ਕੇਸਾਂ ਵਿਚ ਸ਼ਾਮਲ ਪਾਏ ਗਏ ਹਨ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਵਿਭਾਗ ਵੱਲੋਂ ਕੀਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਭਰਤੀ ਦੇ ਇਮਤਿਹਾਨਾਂ ਵਿਚ ਨਕਲ ਜਾਂ ਇਮਪਰਸੋਨੇਸ਼ਨ ਦੇ ਕੇਸਾਂ ਵਿਚ ਸਖ਼ਤੀ ਵਰਤੀ ਜਾਵੇਗੀ।


author

Gurminder Singh

Content Editor

Related News