ਗੁਰਦਾਸਪੁਰ ’ਚ ਦੂਸਰੇ ਦਿਨ ਵੀ ਛਾਈ ਰਹੀ ਸੰਘਣੀ ਧੁੰਦ, ਫ਼ਸਲਾਂ ਦੇ ਬਚਾਅ ਲਈ ਖੇਤੀ ਮਾਹਿਰਾਂ ਨੇ ਦਿੱਤੇ ਸੁਝਾਅ

Thursday, Dec 28, 2023 - 10:47 AM (IST)

ਗੁਰਦਾਸਪੁਰ ’ਚ ਦੂਸਰੇ ਦਿਨ ਵੀ ਛਾਈ ਰਹੀ ਸੰਘਣੀ ਧੁੰਦ, ਫ਼ਸਲਾਂ ਦੇ ਬਚਾਅ ਲਈ ਖੇਤੀ ਮਾਹਿਰਾਂ ਨੇ ਦਿੱਤੇ ਸੁਝਾਅ

ਗੁਰਦਾਸਪੁਰ(ਹਰਮਨ)- ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਅੱਜ ਗੁਰਦਾਸਪੁਰ ਅੰਦਰ ਦੂਸਰੇ ਦਿਨ ਵੀ ਸੰਘਣੀ ਧੁੰਦ ਦਾ ਪ੍ਰਕੋਪ ਰਿਹਾ। ਇਥੋਂ ਤੱਕ ਕਿ ਕਈ ਪੇਂਡੂ ਇਲਾਕਿਆਂ ’ਚ ਵੀ ਦਿਨ ਵੇਲੇ ਵੀ ਸੰਘਣੀ ਧੁੰਦ ਦੀ ਚਾਦਰ ਛਾਈ ਰਹੀ। ਅੰਕੜਿਆਂ ਅਨੁਸਾਰ ਦਿਨ ਦਾ ਤਾਪਮਾਨ 19 ਤੋਂ 20 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਰਾਤ ਦਾ ਘੱਟੋ-ਘੱਟ ਤਾਪਮਾਨ 6-7 ਡਿਗਰੀ ਰਿਹਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕਲ ਵੀ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਤਾਪਮਾਨ ’ਚ ਗਿਰਾਵਟ ਆਉਣ ਕਰ ਕੇ ਜਿਥੇ ਠੰਡ ਵਧੀ ਹੈ ਅਤੇ ਲੋਕਾਂ ਦੀ ਸਿਹਤ ਸਮੱਸਿਆ ਪੈਦਾ ਹੋ ਸਕਦੀ ਹੈ, ਉਸ ਦੇ ਉਲਟ ਖੇਤੀ ਮਹਿਰਾ ਅਨੁਸਾਰ ਇਹ ਠੰਡ ਅਤੇ ਧੁੰਦ ਕਣਕ ਅਤੇ ਹਾੜ੍ਹੀ ਦੀਆਂ ਹੋਰ ਫਸਲਾਂ ਲਈ ਲਾਹੇਵੰਦ ਹੈ।

ਇਸ ਦੇ ਨਾਲ ਹੀ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਫ਼ਸਲਾਂ ਦੇ ਬਚਾਅ ਲਈ ਅਹਿਮ ਸੁਝਾਅ ਵੀ ਦਿੱਤੇ ਹਨ ਅਤੇ ਖਾਸ ਤੌਰ ’ਤੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਜਗ੍ਹਾ ’ਤੇ ਕਣਕ ਦੀ ਫ਼ਸਲ ਪੀਲੀ ਪੈਂਦੀ ਹੈ ਤਾਂ ਕਿਸਾਨ ਘਬਰਾਉਣ ਦੀ ਬਜਾਏ ਖੇਤੀ ਮਾਹਿਰਾਂ ਨਾਲ ਸਲਾਹ ਕਰਨ ਲੈਣ ਕਿਉਕਿ ਕਈ ਵਾਰ ਕਣਕ ਦਾ ਪੀਲਾਪਣ ਕੁਝ ਸਮੇਂ ਲਈ ਹੀ ਹੁੰਦਾ ਹੈ ਜੋ ਖੁਦ ਹੀ ਠੀਕ ਹੋ ਜਾਂਦਾ ਹੈ।

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਇਸ ਸਬੰਧ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤੀਬਾੜੀ ਵਿਭਾਗ ਦੇ ਸੰਪਰਕ ’ਚ ਰਹਿਣ। ਉਨ੍ਹਾਂ ਕਿਹਾ ਕਿ ਵਧੇਰੇ ਸਿੱਲ ਜਾਂ ਭਾਰੀ ਜ਼ਮੀਨਾਂ ਵਾਲੇ ਇਲਾਕਿਆਂ ’ਚ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਭਾਰੀ ਲੱਗਣ ਕਾਰਨ ਕਣਕ ਦੀ ਫ਼ਸਲ ਪੀਲੀ ਹੋ ਜਾਂਦੀ ਹੈ, ਜੋ ਸਮੇਂ ਨਾਲ ਠੀਕ ਹੋ ਜਾਂਦੀ ਹੈ ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦਾ ਇਹ ਪੀਲਾਪਣ ਜ਼ਮੀਨ ’ਚ ਹਵਾਖੋਰੀ ਦੀ ਕਮੀ ਕਾਰਨ ਹੋਵੇ ਤਾਂ ਵੱਤਰ ਆਉਣ ਤੇ 3 ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ’ਚ ਘੋਲ ਕੇ ਗੋਲ ਨੋਜ਼ਲ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਖ਼ੇਤਾਂ ’ਚ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਕੇ ਸੁਪਰ ਸੀਡਰ/ਸਮਾਰਟ ਸੀਡਰ ਜਾਂ ਸਰਫੇਸ ਸੀਡਿੰਗ/ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਖੇਤਾਂ ’ਚ ਯੂਰੀਆ ਖਾਦ ਦੀ ਦੂਜੀ ਕਿਸ਼ਤ ਦਾ ਛੱਟਾ ਦੇਣ ਦੀ ਬਿਜਾਏ ਛਿੜਕਾਅ ਕਰ ਦੇਣਾ ਚਾਹੀਦਾ।

ਇਹ ਵੀ ਪੜ੍ਹੋ- ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ’ਚ ਕੀਤੀ ਖੁਦਕੁਸ਼ੀ

ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਕਣਕ ਦੀ ਬਿਜਾਈ ਤੋਂ ਬਾਅਦ 45-50ਵੇਂ ਦਿਨ 20 ਕਿਲੋ ਯੂਰੀਆ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ’ਚ ਘੋਲ ਕੇ ਗੋਲ ਨੋਜ਼ਲ ਨਾਲ ਕਰ ਦੇਣਾ ਚਾਹੀਦਾ ਹੈ ਅਤੇ ਹਫ਼ਤੇ ਬਾਅਦ ਦੁਬਾਰਾ 20 ਕਿਲੋ ਯੂਰੀਆ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ’ਚ ਯੂਰੀਆ ਖਾਦ ਦੀ ਵਰਤੋਂ ਕਰਨ ਸਮੇਂ ਕਿਸਾਨ ਮੌਕੇ ਤੇ ਜ਼ਰੂਰ ਮੌਜੂਦ ਹੋਣਾ ਚਾਹੀਦੇ ਹਨ, ਕਿਉਂਕਿ ਕਿਸਾਨ ਦੀ ਗੈਰ-ਹਾਜ਼ਰੀ ’ਚ ਮਜ਼ਦੂਰ ਇਕਸਾਰ ਛੱਟਾ ਨਹੀਂ ਦਿੰਦੇ, ਨਤੀਜਤਨ ਫ਼ਸਲ ਦੇ ਵਾਧੇ ’ਚ ਠਹਿਰਾਅ ਆਉਣ ਕਾਰਨ ਪੈਦਾਵਾਰ ’ਤੇ ਬੁਰਾ ਪ੍ਰਭਾਵ ਪੈਂਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਹਲਕੀਆਂ ਜ਼ਮੀਨਾਂ ’ਚ ਪਹਿਲਾ ਪਾਣੀ ਲਾਉਣ ਤੋਂ ਬਾਅਦ ਜੇਕਰ ਕਣਕ ਪੀਲੀ ਹੋ ਜਾਂਦੀ ਹੈ ਤਾਂ ਮੈਂਗਨੀਜ਼ ਦੀ ਘਾਟ ਹੋ ਸਕਦੀ ਹੈ। ਜ਼ਮੀਨ ’ਚ ਮੈਂਗਨੀਜ਼ ਦੀ ਪੂਰਤੀ ਲਈ 200 ਲਿਟਰ ਪਾਣੀ ’ਚ ਇਕ ਕਿਲੋ ਮੈਂਗਨੀਜ਼ ਸਲਫੇਟ ਪ੍ਰਤੀ ਏਕੜ ਦਾ ਛਿੜਕਾਓ ਕਰ ਦੇਣਾ ਚਾਹੀਦਾ ਹੈ। ਕਈ ਕਿਸਾਨ ਦੁਕਾਨਦਾਰਾਂ ਦੇ ਕਹੇ ਮੈਗਨੀਸ਼ੀਅਮ ਸਲਫੇਟ ਦੀ ਦਾ ਛਿੜਕਾਅ ਵੀ ਕਣਕ ਦੀ ਫ਼ਸਲ ’ਚ ਕਰ ਰਹੇ ਹਨ, ਜੋ ਗਲਤ ਹੈ।

ਇਹ ਵੀ ਪੜ੍ਹੋ- ਹੌਂਸਲੇ ਨੂੰ ਸਲਾਮ: ਗੋਦੀ ਚੁੱਕਦੇ ਹੀ ਟੁੱਟ ਜਾਂਦੀਆਂ ਨੇ ਹੱਡੀਆਂ ਫਿਰ ਵੀ ਇਰਾਦੇ ਵੱਡੇ ਰੱਖਦੈ 2 ਫੁੱਟ ਕੱਦ ਵਾਲਾ ਸਰਦਾਰ

ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ਤੇ ਛਿੜਕਾਅ ਕਰਨ ਦੀ ਬਿਜਾਏ ਕਿਸਾਨ ਆਪਣੇ ਹਲਕੇ ਨਾਲ ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ/ਖੇਤੀਬਾੜੀ ਵਿਸਥਾਰ ਅਫ਼ਸਰ ਜਾਂ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਇਲਾਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ, ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਛਿੜਕਾਅ ਸਾਫ਼ ਮੌਸਮ ਵਿੱਚ ਅਤੇ ਇਕਸਾਰ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News