ਪੰਜਾਬ ਦੇ ਇਸ ਜ਼ਿਲ੍ਹੇ 'ਚ ਡੇਂਗੂ ਦਾ ਕਹਿਰ ਸ਼ੁਰੂ, 50 ਦੇ ਕਰੀਬ ਮਰੀਜ਼ਾਂ ਦੀ ਪੁਸ਼ਟੀ

Sunday, Jul 07, 2024 - 01:24 PM (IST)

ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਬਾਰਸ਼ਾਂ ਦੇ ਨਾਲ ਹੀ ਡੇਂਗੂ ਦਾ ਕਹਿਰ ਵੀ ਸ਼ੁਰੂ ਹੋ ਚੁੱਕਾ ਹੈ। ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ 50 ਦੇ ਕਰੀਬ ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਮਾਹਿਰਾਂ ਮੁਤਾਬਕ ਬਾਰਸ਼ਾਂ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ’ਚ ਡੇਂਗੂ ਦੇ ਕਹਿਰ ’ਚ ਹੋਰ ਵਾਧਾ ਹੋ ਸਕਦਾ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ’ਚ ਸਾਹਮਣੇ ਆਏ ਮਰੀਜ਼ਾਂ ’ਚ 25 ਮਰੀਜ਼ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆਏ ਹਨ, ਜਦੋਂਕਿ 20 ਦੇ ਕਰੀਬ ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ, ਜਦੋਂਕਿ 5 ਮਰੀਜ਼ ਦੂਜੇ ਪ੍ਰਦੇਸ਼ਾਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਔਰਤਾਂ ਨੂੰ ਲਾਲਚ ਦੇ ਕੇ ਦੇਹ ਵਪਾਰ 'ਚ ਧੱਕਣ ਵਾਲਿਆਂ ਖ਼ਿਲਾਫ਼ ਸਖ਼ਤ ਹੁਕਮ ਜਾਰੀ, ਮੰਗੀ ਗਈ ਰਿਪੋਰਟ

ਦੂਜੇ ਪਾਸੇ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜ਼ਿਲ੍ਹੇ ’ਚ ਡੇਂਗੂ ਦੇ ਲਾਰਵਾ ਦੀ ਜਾਂਚ ਲਈ ਬ੍ਰੀਡਿੰਗ ਚੈੱਕਰਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੰਦੇ ਹੋਏ 100 ਬ੍ਰੀਡਿੰਗ ਚੈਕਰ ਤਾਇਨਾਤ ਕਰਨ ਲਈ ਕਿਹਾ ਹੈ। ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ 50 ਬ੍ਰੀਡਿੰਗ ਚੈੱਕਰ ਸ਼ਹਿਰੀ ਇਲਾਕਿਆਂ ’ਚ, ਜਦੋਂਕਿ ਬਾਕੀ 50 ਨੂੰ ਦਿਹਾਤੀ ਇਲਾਕਿਆਂ ’ਚ ਤਾਇਨਾਤ ਕੀਤਾ ਜਾਵੇਗਾ। ਹਾਲ ਦੀ ਘੜੀ ਉਨ੍ਹਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗਣਗੇ 20 ਹਜ਼ਾਰ ਨਵੇਂ ਸੋਲਰ ਪੰਪ, ਪ੍ਰਾਜੈਕਟ ਨੂੰ ਲੈ ਕੇ ਤਿਆਰੀ ਸ਼ੁਰੂ
9 ਘਰਾਂ ’ਚ ਮਿਲਿਆ ਡੇਂਗੂ ਦਾ ਲਾਰਵਾ
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਭਗ 350 ਘਰਾਂ ਦਾ ਸਰਵੇਖਣ ਕੀਤਾ ਗਿਆ। ਸਰਵੇ ਦੌਰਾਨ ਰਿਸ਼ੀ ਨਗਰ ’ਚ 2 ਘਰਾਂ ’ਚ ਡੇਂਗੂ ਦਾ ਲਾਰਵਾ ਪਾਏ ਜਾਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਗਏ, ਜਦੋਂਕਿ ਹੋਰ ਨਾਲ ਲੱਗਦੇ ਘਰਾਂ ਦੇ ਚਲਾਨ ਜਾਰੀ ਕਰਨ ਲਈ ਨਗਰ ਨਿਗਮ ਨੂੰ ਕਿਹਾ ਗਿਆ ਹੈ। ਇਹ ਲਾਰਵਾ ਘਰਾਂ ’ਚ ਲੱਗੇ ਕੂਲਰਾਂ ’ਚ ਪਾਇਆ ਗਿਆ। ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਮੁਤਾਬਕ ਰਿਸ਼ੀ ਨਗਰ ਤੋਂ ਇਲਾਵਾ, ਜਿਨ੍ਹਾਂ ਇਲਾਕਿਆਂ ’ਚ ਡੇਂਗੂ ਦਾ ਲਾਰਵਾ ਮਿਲਿਆ, ਉਨ੍ਹਾਂ ’ਚ ਇੰਦਰਾ ਕਾਲੋਨੀ, ਰੜੀ ਮੁਹੱਲਾ, ਸ਼ਿਵਾਜੀ ਨਗਰ, ਉਪਕਾਰ ਨਗਰ, ਗਿਆਸਪੁਰਾ ਅਤੇ ਸ਼ਿਵਾਜੀ ਨਗਰ ਦੇ ਇਲਾਕੇ ਸ਼ਾਮਲ ਹਨ। ਇਸ ਤੋਂ ਇਲਾਵਾ ਟੀਮਾਂ ਨੇ ਮੌਕੇ ’ਤੇ 1800 ਤੋਂ ਜ਼ਿਆਦਾ ਕੰਟੇਨਰਾਂ ਦੀ ਜਾਂਚ ਕੀਤੀ।

ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ ਰਿਸ਼ੀ ਨਗਰ ਜ਼ੈੱਡ ਬਲਾਕ, ਇੰਦਰਾ ਕਾਲੋਨੀ, ਰੜੀ ਮੁਹੱਲਾ, ਸ਼ਿਵਾਜੀ ਨਗਰ, ਉਪਕਾਰ ਨਗਰ, ਗਿਆਸਪੁਰਾ, ਸਲੇਮ ਟਾਬਰੀ, ਸੁੰਦਰ ਨਗਰ, ਮੋਚਪੁਰਾ ਬਾਜ਼ਾਰ, ਬਹਾਦਰਕੇ ਰੋਡ, ਗਗਨਦੀਪ ਕਾਲੋਨੀ, ਇੰਦਰਾਪੁਰੀ, ਰਾਹੋਂ ਰੋਡ, ਜੰਮੂ ਕਾਲੋਨੀ, ਸ਼ਿਮਲਾਪੁਰੀ, ਡਾ. ਅੰਬੇਡਕਰ ਨਗਰ, ਸੰਤੋਖ ਨਗਰ, ਮਾਧੋਪੁਰੀ ਇਲਾਕਿਆਂ ’ਚ 350 ਦੇ ਕਰੀਬ ਘਰਾਂ ’ਚ ਸਰਵੇ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


Babita

Content Editor

Related News