ਡੇਂਗੂ ਦਾ ਕਹਿਰ ਜਾਰੀ, 6 ਨਵੇਂ ਹੋਰ ਮਰੀਜ਼ ਆਏ ਸਾਹਮਣੇ
Wednesday, Sep 20, 2017 - 03:04 AM (IST)

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਤੇ ਆਸ-ਪਾਸ ਦੇ ਖੇਤਰਾਂ 'ਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਸਿਵਲ ਹਸਪਤਾਲ ਤੇ ਪ੍ਰਾਈਵੇਟ ਹਸਪਤਾਲਾਂ 'ਚ ਡੇਂਗੂ ਦੇ ਮਰੀਜ਼ਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ 'ਚ ਕਿਤੇ ਨਾ ਕਿਤੇ ਕਥਿਤ ਤੌਰ 'ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਜ਼ਰ ਆ ਰਹੀ ਹੈ। ਇੰਨਾ ਕੁਝ ਹੋਣ ਤੋਂ ਬਾਅਦ ਵੀ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਮੱਛਰਾਂ ਦੀ ਭਰਮਾਰ ਹੈ। ਫੌਗਿੰਗ ਮਸ਼ੀਨ ਦਾ ਸ਼ਹਿਰ 'ਚ ਦੌਰਾ ਘੱਟ ਹੀ ਨਜ਼ਰ ਆ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਅੱਜ 10ਵੇਂ ਦਿਨ ਡੇਂਗੂ ਦੇ ਮਰੀਜ਼ਾਂ ਦਾ ਆਉਣਾ ਤੇਜ਼ੀ ਨਾਲ ਜਾਰੀ ਰਿਹਾ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਰਿੰਕੂ ਸਭਰਵਾਲ ਨਿਵਾਸੀ ਮੁਹੱਲਾ ਸ਼ਹਿਰੀਆਂ ਕਪੂਰਥਲਾ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੀ ਪਤਨੀ ਸ਼ੈਲੀ (32 ਸਾਲ) ਨੂੰ ਪਿਛਲੇ 4 ਦਿਨਾਂ ਤੋਂ ਤੇਜ਼ ਬੁਖਾਰ ਸੀ, ਜਿਸ ਕਾਰਨ ਉਨ੍ਹਾਂ ਦਾ ਸਰੀਰ ਟੁੱਟ ਰਿਹਾ ਸੀ। ਹਸਪਤਾਲ 'ਚ ਜਦੋਂ ਆ ਕੇ ਬਲੱਡ ਟੈਸਟ ਕਰਵਾਇਆ ਤਾਂ ਖੂਨ ਦੀ ਜਾਂਚ ਉਪਰੰਤ ਨਤੀਜਾ ਆਇਆ ਕਿ ਡੇਂਗੂ ਬੁਖਾਰ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ 'ਚ ਇਲਾਜ ਅਧੀਨ ਕੁਲਵਿੰਦਰ ਕੌਰ ਪਤਨੀ ਗੁਰਮੀਤ ਨਿਵਾਸੀ ਮੁਹੱਲਾ ਸੰਤਪੁਰਾ ਨੂੰ ਤੇਜ਼ ਬੁਖਾਰ ਦੇ ਨਾਲ ਸਾਹ ਦੀ ਤਕਲੀਫ ਹੋ ਰਹੀ ਸੀ, ਮਾਹਿਰਾਂ ਨੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਹਨ।
ਇਸੇ ਤਰ੍ਹਾਂ ਲਵਲੀਨ ਪੁੱਤਰ ਮੰਗਤ ਰਾਮ ਨਿਵਾਸੀ ਮੁਹੱਲਾ ਸ਼ੇਖੂਪੁਰ ਨੇ ਦੱਸਿਆ ਕਿ ਉਸ ਨੂੰ ਕਈ ਦਿਨਾਂ ਤੋਂ ਬੁਖਾਰ ਸੀ। ਟੈਸਟ ਕਰਵਾਉਣ ਤੋਂ ਬਾਅਦ ਖੂਨ ਦੀ ਕਮੀ ਆਈ ਤੇ ਸੈੱਲਾਂ ਦੀ ਗਿਣਤੀ ਘੱਟ ਦੱਸੀ ਗਈ। ਡਾਕਟਰਾਂ ਨੇ ਡੇਂਗੂ ਬੁਖਾਰ ਦੱਸਿਆ।
ਇਸੇ ਤਰ੍ਹਾਂ ਨੋਕਾ ਦੇਵੀ ਪਤਨੀ ਮਹਾਦੇਵ ਨਿਵਾਸੀ ਔਜਲਾ ਫਾਟਕ ਕਪੂਰਥਲਾ ਨੇ ਦੱਸਿਆ ਕਿ ਉਸ ਨੂੰ ਪੰਜ ਦਿਨ ਤੋਂ ਬੁਖਾਰ ਸੀ ਤੇ ਅੱਜ ਅਚਾਨਕ ਚੱਕਰ ਆਉਣ ਕਾਰਨ ਉਹ ਡਿਗ ਗਈ ਤੇ ਬਲੱਡ ਟੈਸਟ ਕਰਵਾਉਣ ਉਪਰੰਤ ਖੂਨ ਦੀ ਕਮੀ ਤੇ ਸੈੱਲਾਂ ਦੀ ਘਾਟ ਪਾਈ ਗਈ। ਇਸੇ ਤਰ੍ਹਾਂ ਸ਼ਬਨਮ ਪਤਨੀ ਮੁਹੰਮਦ ਯਾਕੂਬ ਨਿਵਾਸੀ ਮੁਹੱਲਾ ਪ੍ਰੀਤ ਨਗਰ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ, ਜਦੋਂ ਉਸ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਖੂਨ ਦੀ ਕਮੀ ਤੇ ਸੈੱਲਾਂ ਦੀ ਗਿਣਤੀ ਘੱਟ ਪਾਈ ਗਈ।