ਅੱਜ ਡੇਂਗੂ ਦੇ ਹੌਟ ਸਪਾਟ ਇਲਾਕੇ ’ਚ ਜਾਣਗੇ ਸਿਹਤ ਮੁਲਾਜ਼ਮ

Friday, Oct 18, 2024 - 11:12 AM (IST)

ਅੱਜ ਡੇਂਗੂ ਦੇ ਹੌਟ ਸਪਾਟ ਇਲਾਕੇ ’ਚ ਜਾਣਗੇ ਸਿਹਤ ਮੁਲਾਜ਼ਮ

ਫਾਜ਼ਿਲਕਾ (ਲੀਲਾਧਰ) : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ 'ਚ ਡੇਂਗੂ ਦੇ ਵੱਧ ਰਹੇ ਮਰੀਜ਼ਾਂ ਨੂੰ ਮੁੱਖ ਰੱਖਦੇ ਹੋਏ ਡਾ. ਐਰਿਕ ਅਤੇ ਡਾ. ਕਵਿਤਾ ਦੀ ਪ੍ਰਧਾਨਗੀ 'ਚ ਡੇਂਗੂ ਦੇ ਹੌਟ ਸਪਾਟ ਇਲਾਕਿਆਂ ਵਿਖੇ ਸਿਹਤ ਵਿਭਾਗ ਦੀਆ ਟੀਮਾ ਘਰ-ਘਰ ਜਾਣਗੀਆ, ਜਿਨ੍ਹਾਂ ਨਾਲ ਨਰਸਿੰਗ ਕਾਲਜ ਦੇ ਸਟੂਡੈਂਟਸ ਵੀ ਹੋਣਗੇ। ਡਾ. ਸੁਨੀਤਾ ਕੰਬੋਜ਼ ਜ਼ਿਲ੍ਹਾ ਐਪੀਡਮੈਲੋਜਿਸਟ ਨੇ ਜ਼ਿਲ੍ਹੇ ਦੇ ਸਾਰੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਅਤੇ ਮੈਡੀਕਲ ਅਫ਼ਸਰ ਇਸ ਪ੍ਰੋਗਰਾਮ ਦੀ ਸੁਪਰ ਵਿਜ਼ਨ ਕਰਨਗੇ।

ਡਾ. ਐਰਿਕ ਅਤੇ ਡਾ. ਕਵਿਤਾ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ 'ਚ ਵੱਧ ਰਹੇ ਕੇਸਾਂ ਅਤੇ ਮੱਛਰਾਂ ਦੀ ਪੈਦਾਇਸ਼ ਕਰਕੇ ਜ਼ਿਲ੍ਹੇ 'ਚ ਡੇਂਗੂ ਵਿਰੋਧੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਜਾਣ ਅਤੇ ਆਮ ਲੋਕਾਂ ਖ਼ਾਸ ਕਰਕੇ ਸਲੱਮ ਏਰੀਏ 'ਚ ਮਲੇਰੀਏ ਅਤੇ ਡੇਂਗੂ ਪ੍ਰਤੀ ਪੈਂਫਲਿਟ ਵੰਡ ਕੇ ਅਤੇ ਗਰੁੱਪ ਮੀਟਿੰਗਾਂ ਕਰਕੇ ਜਾਗਰੂਕ ਕੀਤਾ ਜਾਵੇ। ਹਰ ਹਫ਼ਤੇ ਸਰਕਾਰ ਵਲੋ ਡੇਂਗੂ ਬੀਮਾਰੀ ਨੂੰ ਰੋਕਣ ਲਈ ਵਿਸ਼ੇਸ਼ ਹਦਾਇਤਾਂ ਜਾਰੀਆਂ ਹੁੰਦੀਆਂ ਹਨ, ਜਿਸ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਖ਼ੁਦ ਦੇਖ ਰਹੇ ਹਨ। 18 ਅਕਤੂਬਰ ਨੂੰ ਅਰਬਨ ਅਤੇ ਰੂਰਲ ਏਰੀਏ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਹੌਟ ਸਪਾਟ ਖੇਤਰ ਵਿਖੇ ਐਂਟੀ ਡੇਂਗੂ ਗਤੀਵਿਧੀਆ ਕਰਨਗੇ।

ਡਾ. ਸੁਨੀਤਾ ਕੰਬੋਜ਼ ਜ਼ਿਲ੍ਹਾ ਐਪੀਡਮੈਲੋਜਿਸਟ ਨੇ ਕਿਹਾ ਕਿ ਡੇਂਗੂ ਪਾਜ਼ੇਟਿਵ ਕੇਸਾਂ ਦੇ ਘਰਾਂ ’ਚ ਜਾ ਕੇ ਮਰੀਜ਼ਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ ਅਤੇ ਨਾਲ ਲੱਗਦੇ ਘੱਟੋ-ਘੱਟ 50 ਘਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਬੁਖ਼ਾਰ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਲਈ ਸਾਰਿਆਂ ਨੂੰ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਘਰਾਂ ’ਚ ਵਾਧੂ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗਮਲੇ ’ਚ ਪਾਣੀ ਖੜ੍ਹਨ ਨਹੀਂ ਦੇਣਾ ਚਾਹੀਦਾ। ਕੂਲਰਾਂ ਨੂੰ ਹਫ਼ਤੇ ਵਿਚ ਇਕ ਵਾਰ ਸਾਫ਼ ਕਰਕੇ ਸੁਕਾ ਕੇ ਦੁਬਾਰਾ ਵਰਤੋਂ ਕਰੋ, ਮੱਛਰਦਾਨੀਆਂ ਦੀ ਵਰਤੋਂ ਕਰੋ, ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋ, ਸਾਰੇ ਸਰੀਰ ਨੂੰ ਢੱਕਦੇ ਕੱਪਡ਼ੇ ਪਾਓ, ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਲੱਛਣ ਜਿਵੇਂ ਤੇਜ਼ ਬੁਖ਼ਾਰ ਹੋਣਾ, ਸਿਰ, ਅੱਖਾਂ, ਜੋੜਾਂ ਅਤੇ ਸਰੀਰ ’ਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੀ ਸਿਹਤ ਸੰਸਥਾ ’ਚ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਟੈਸਟ ਕਰਵਾਇਆ ਜਾਵੇ। ਮਲੇਰੀਆ ਅਤੇ ਡੇਂਗੂ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।
 


author

Babita

Content Editor

Related News