ਪੰਜਾਬ 'ਚ ਹੜ੍ਹਾਂ ਦੇ Side Effect : ਚਿਕਨਗੁਨੀਆ ਦੇ ਮਾਮਲੇ ਵੱਧਣ ਲੱਗੇ, ਡੇਂਗੂ ਦੇ ਕੇਸ ਇਕ ਮਹੀਨੇ 'ਚ ਹੋਏ ਤਿੱਗਣੇ

Friday, Jul 28, 2023 - 09:36 AM (IST)

ਪੰਜਾਬ 'ਚ ਹੜ੍ਹਾਂ ਦੇ Side Effect : ਚਿਕਨਗੁਨੀਆ ਦੇ ਮਾਮਲੇ ਵੱਧਣ ਲੱਗੇ, ਡੇਂਗੂ ਦੇ ਕੇਸ ਇਕ ਮਹੀਨੇ 'ਚ ਹੋਏ ਤਿੱਗਣੇ

ਚੰਡੀਗੜ੍ਹ (ਐੱਚ. ਸੀ. ਸ਼ਰਮਾ) : ਪਿਛਲੇ ਕੁੱਝ ਦਿਨਾਂ ਤੋਂ ਸੂਬੇ 'ਚ ਭਾਰੀ ਮੀਂਹ ਅਤੇ ਹੜ੍ਹ ਦੀ ਸਥਿਤੀ ਕਾਰਨ ਨਾ ਸਿਰਫ ਜਨਜੀਵਨ ਪ੍ਰਭਾਵਿਤ ਹੋਇਆ, ਸਗੋਂ ਹੁਣ ਇਸ ਦਾ ਅਸਰ ਸੂਬੇ ਦੇ ਨਾਗਰਿਕਾਂ ਦੀ ਸਿਹਤ ’ਤੇ ਵੀ ਪਿਆ ਹੈ। ਇਸ ਨਾਲ ਸੂਬੇ ਦੀਆਂ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। 26 ਦਿਨਾਂ 'ਚ ਡੇਂਗੂ ਦੇ ਮਾਮਲੇ ਤਿੱਗਣੇ ਦੇ ਕਰੀਬ ਹੋ ਗਏ ਹਨ। ਜਾਣਕਾਰੀ ਅਨੁਸਾਰ ਜ਼ਿਆਦਾ ਮੀਂਹ ਅਤੇ ਹੜ੍ਹ ਤੋਂ ਬਾਅਦ ਪਾਣੀ ਇਕੱਠਾ ਹੋਣ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਦਾ ਸ਼ੱਕ ਤਾਂ ਪਹਿਲਾਂ ਹੀ ਜਤਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਸੂਬੇ 'ਚ 30 ਜੂਨ ਤੱਕ ਡੇਂਗੂ ਦੇ 125 ਮਾਮਲੇ ਸਾਹਮਣੇ ਆਏ ਸਨ, ਜਦੋਂਕਿ ਉਸ ਤੋਂ ਬਾਅਦ ਸਿਰਫ 26 ਦਿਨਾਂ 'ਚ ਹੀ ਇਹ ਅੰਕੜਾ 350 ਪਾਰ ਕਰ ਚੁੱਕਿਆ ਹੈ।
14 ਦਿਨਾਂ 'ਚ ਡਬਲ ਤੋਂ ਜ਼ਿਆਦਾ ਹੋ ਗਏ ਚਿਕਨਗੁਨੀਆ ਦੇ ਮਾਮਲੇ
ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਵਿਚੋਂ ਇੱਕ ਚਿਕਨਗੁਨੀਆ ਦੇ ਮਾਮਲਿਆਂ 'ਚ ਵੀ ਭਾਰੀ ਮੀਂਹ, ਹੜ੍ਹ ਅਤੇ ਪਾਣੀ ਇਕੱਠਾ ਹੋਣ ਕਾਰਨ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ 14 ਜੁਲਾਈ ਤੱਕ ਸੂਬੇ 'ਚ ਚਿਕਨਗੁਨੀਆ ਦੇ ਮਾਮਲਿਆਂ ਦੀ ਗਿਣਤੀ 6 ਸੀ, ਉੱਥੇ ਹੀ ਹੁਣ ਉਹ ਵੱਧ ਕੇ 15 ਹੋ ਗਈ ਹੈ।

ਇਹ ਵੀ ਪੜ੍ਹੋ : ਖੰਨਾ ਦਾ ਵੱਡਾ ਕਾਰੋਬਾਰੀ ਅਚਾਨਕ ਹੋਇਆ ਲਾਪਤਾ, Innova ਗੱਡੀ 'ਚੋਂ ਮਿਲਿਆ ਹੱਥ ਲਿਖ਼ਤ ਨੋਟ
ਇੱਕ ਹੀ ਦਿਨ 'ਚ ਡੇਂਗੂ ਦੇ 38 ਪਾਜ਼ੇਟਿਵ ਮਾਮਲੇ
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਪਿਛਲੇ ਦਿਨ ਸੂਬੇ 'ਚ ਡੇਂਗੂ ਦੀ ਸੰਭਾਵਨਾ ਨੂੰ ਲੈ ਕੇ 250 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 38 ਸੈਂਪਲ ਪਾਜ਼ੇਟਿਵ ਪਾਏ ਗਏ, ਜਦੋਂਕਿ ਜਨਵਰੀ ਤੋਂ ਹੁਣ ਤੱਕ 6 ਹਜ਼ਾਰ ਤੋਂ ਜ਼ਿਆਦਾ ਸੈਂਪਲ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 350 ਡੇਂਗੂ ਦੇ ਪਾਜ਼ੇਟਿਵ ਮਾਮਲੇ ਪਾਏ ਗਏ। ਸ਼ੁਕਰ ਇਹ ਹੈ ਕਿ ਹਾਲੇ ਤੱਕ ਇਨ੍ਹਾਂ ਬੀਮਾਰੀਆਂ ਨੇ ਕਿਸੇ ਦੀ ਜਾਨ ਨਹੀਂ ਲਈ।
ਇੱਕ ਦਿਨ 'ਚ ਕਪੂਰਥਲਾ ਦੇ 18 ਲੋਕ ਡੇਂਗੂ ਪਾਜ਼ੇਟਿਵ
ਜਾਣਕਾਰੀ ਅਨੁਸਾਰ ਸੂਬੇ 'ਚ ਪਿਛਲੇ ਦਿਨ ਜੋ 38 ਸੈਂਪਲ ਡੇਂਗੂ ਦੇ ਪਾਜ਼ੇਟਿਵ ਪਾਏ ਗਏ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 18 ਮਾਮਲੇ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਹਨ। ਇਨ੍ਹਾਂ 38 ਮਾਮਲਿਆਂ 'ਚ 1-1 ਜ਼ਿਲ੍ਹਾ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਨਾਲ ਸਬੰਧਤ ਹੈ, ਜਦੋਂ ਕਿ 2 ਮਾਮਲੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਏ ਹਨ।
ਸਿਹਤ ਵਿਭਾਗ ਨੇ ਜਾਰੀ ਕੀਤੀ ਹੈ ਐਡਵਾਈਜ਼ਰੀ
ਜਾਣਕਾਰੀ ਅਨੁਸਾਰ 1 ਜਨਵਰੀ ਤੋਂ ਲੈ ਕੇ ਹੁਣ ਤੱਕ ਡੇਂਗੂ ਦੇ 359 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ 30 ਜੂਨ ਤੱਕ ਇਹ ਗਿਣਤੀ 125 ਸੀ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 6,565 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 359 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 79 ਮਾਮਲੇ ਜ਼ਿਲ੍ਹਾ ਬਠਿੰਡਾ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਯੂਥ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ, ਪੁਲਸ ਨੇ ਬੈਰੀਕੇਡ ਲਾ ਕੇ ਰੋਕਿਆ, ਹੋਈ ਧੱਕਾ-ਮੁੱਕੀ
ਸਿਹਤ ਵਿਭਾਗ ਦੀਆਂ ਹਦਾਇਤਾਂ
ਸਿਹਤ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ 2023 ਦੇ ਮਾਨਸੂਨ ਸੀਜ਼ਨ ਦੇ ਨਤੀਜੇ ਵਜੋਂ ਭਿਆਨਕ ਹੜ੍ਹ ਨਾਲ ਬਹੁਤ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ 'ਚ ਬੀਮਾਰੀਆਂ ਅਤੇ ਪ੍ਰਕੋਪ ਇੱਕ ਹੋਰ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ। ਸਮੇਂ ’ਤੇ ਕਾਰਵਾਈ ਕੀਤੀ ਜਾਵੇ ਤਾਂ ਇਸ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਨ੍ਹਾਂ ਸੁਝਾਵਾਂ ਦਾ ਪਾਲਣ ਕਰ ਕੇ ਸੁਰੱਖਿਅਤ ਰਿਹਾ ਜਾ ਸਕਦਾ ਹੈ।
ਸੁਰੱਖਿਅਤ ਸਰੋਤ ਤੋਂ ਪਾਣੀ ਪੀਓ
ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਣਾ ਜ਼ਰੂਰੀ ਹੈ।
ਹੜ੍ਹ ਦੇ ਪਾਣੀ ਵਿਚ ਭਿੱਜੀ ਹੋਈ ਖ਼ੁਰਾਕ ਸਮੱਗਰੀ ਦਾ ਸੇਵਨ ਨਾ ਕਰੋ
ਡੀਹਾਈਡ੍ਰੇਸ਼ਨ ਦੀ ਹਾਲਤ ਵਿਚ ਓ. ਆਰ. ਐੱਸ. ਪੀਓ
ਟਾਇਰਾਂ 'ਚ ਜਮ੍ਹਾਂ ਪਾਣੀ, ਟੁੱਟੇ ਮਿੱਟੀ ਦੇ ਬਰਤਨ, ਨਾਰੀਅਲ ਦੇ ਗੋਲੇ, ਬੇਕਾਰ ਪਲਾਸਟਿਕ ਕੰਟੇਨਰ, ਖੁੱਲ੍ਹੇ ’ਚ ਘਰੇਲੂ ਪਾਣੀ ਇਕੱਠਾ ਹੋਣਾ ਮੱਛਰਾਂ ਲਈ ਸੰਭਾਵੀ ਪ੍ਰਜਨਨ ਥਾਂਵਾਂ ਹਨ। ਉਪਰੋਕਤ ਕੰਟੇਨਰਾਂ ਅਤੇ ਟੁੱਟੀਆਂ-ਫੁੱਟੀਆਂ ਵਸਤਾਂ ਨੂੰ ਹਟਾ ਦਿਓ, ਜਿਨ੍ਹਾਂ ਵਿਚ ਪਾਣੀ ਜਮ੍ਹਾਂ ਹੋ ਸਕਦਾ ਹੈ।
ਡੇਂਗੂ/ਮਲੇਰੀਆ ਦੀ ਰੋਕਥਾਮ ਲਈ ਮੱਛਰਦਾਨੀ ਦੀ ਵਰਤੋਂ ਕਰੋ। ਆਪਣਾ ਸਰੀਰ ਢਕੋ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ।
ਹੜ੍ਹ ਦੇ ਪਾਣੀ 'ਚ ਵੜਨ ਤੋਂ ਬਚੋ, ਕਿਉਂਕਿ ਇਸ ਦੌਰਾਨ ਸੱਪ ਦਾ ਡੰਗਣਾ ਵੀ ਬਹੁਤ ਆਮ ਹੈ।
ਜੇਕਰ ਜ਼ਰੂਰੀ ਹੋਵੇ ਤਾਂ ਹੜ੍ਹ ਦੇ ਪਾਣੀ 'ਚ ਵੜਦੇ ਸਮੇਂ ਵਾਟਰਪਰੂਫ ਜੁੱਤੀਆਂ ਪਾਓ।
ਵਿਭਾਗ ਨੇ ਹਰ ਸਥਿਤੀ ਨਾਲ ਨਜਿੱਠਣ ਲਈ ਕੀਤੇ ਹਨ ਪੂਰੇ ਪ੍ਰਬੰਧ
ਇਸ ਬਾਰੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੇ ਹਰ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਪੂਰੇ ਕਰ ਲਏ ਹਨ। ਹਾਲੇ ਸਥਿਤੀ ਕੰਟਰੋਲ 'ਚ ਹੈ। ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਹੜ੍ਹ ਪ੍ਰਭਾਵਿਤ ਖੇਤਰਾਂ 'ਚ ਵੀ ਟੀਮਾਂ ਲਗਾਤਾਰ ਮੈਡੀਕਲ ਚੈੱਕਅਪ ਕੈਂਪ ਲਗਾ ਰਹੀਆਂ ਹਨ। ਵਿਭਾਗ ਦੀ ਪੂਰੀ ਨਜ਼ਰ ਰੱਖੀ ਹੋਈ ਹੈ। ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News