ਨਾਜਾਇਜ਼ ਤੌਰ ''ਤੇ ਬਣੀਆਂ ਦੁਕਾਨਾਂ ਢਾਹੀਆਂ; ਉਜੜੇ ਲੋਕਾਂ ''ਚ ਰੋਸ
Saturday, Dec 09, 2017 - 04:40 AM (IST)
ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕੁਰਾਲੀ ਤੋਂ ਸ੍ਰੀ ਕੀਰਤਪੁਰ ਸਾਹਿਬ ਤੱਕ ਚਾਰਮਾਰਗੀ ਸੜਕ ਬਣਾਉਣ ਵਾਲੀ ਕੰਪਨੀ ਨੇ ਪੁਲਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਕਲਿਆਣਪੁਰ ਦੇ ਅੰਬ ਵਾਲੇ ਚੌਕ ਤੇ ਬੁੰਗਾ ਸਾਹਿਬ ਵਿਖੇ ਸੜਕ 'ਤੇ ਨਾਜਾਇਜ਼ ਦੁਕਾਨਾਂ ਨੂੰ ਢਾਹ ਦਿੱਤਾ।
ਜਾਣਕਾਰੀ ਅਨੁਸਾਰ ਅੰਬ ਵਾਲੇ ਚੌਕ ਤੇ ਓਵਰਬ੍ਰਿਜ ਨੇੜੇ ਝੁੱਗੀਆਂ-ਝੌਂਪੜੀਆਂ ਤੇ ਖੋਖਾਨੁਮਾ ਆਰਜ਼ੀ ਦੁਕਾਨਾਂ ਨੂੰ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਥਾਣਾ ਮੁਖੀ ਸੰਨੀ ਖੰਨਾ ਤੇ ਪੁਲਸ ਪਾਰਟੀ ਦੀ ਮੌਜੂਦਗੀ ਵਿਚ ਜੇ.ਸੀ.ਬੀ ਮਸ਼ੀਨ ਤੇ ਟਰੱਕ ਦੀ ਮਦਦ ਨਾਲ ਢਾਹਿਆ ਗਿਆ। ਦੂਜੇ ਪਾਸੇ ਪੀੜਤ ਆਰਜ਼ੀ ਦੁਕਾਨਦਾਰਾਂ ਸੁਭਾਸ਼ ਚੰਦ ਬੇਦੀ, ਅਸ਼ੋਕ ਕੁਮਾਰ, ਸ਼ੇਰ ਖਾਨ, ਨਿੱਕਾ, ਰਾਮ ਪਾਲ, ਗੁਰਦੇਵ ਸਿੰਘ, ਜੋਗਾ ਸਿੰਘ, ਪਰਮਜੀਤ ਪੰਮਾ, ਮਾੜੂ, ਜੀਆ ਲਾਲ, ਸਵਰਨ ਸਿੰਘ, ਸੋਨੂੰ, ਸੋਹਣ ਲਾਲ ਤੇ ਵਿੱਕੀ ਸਮੇਤ ਹੋਰਨਾਂ ਨੇ ਦੱਸਿਆ ਕਿ ਉਹ ਕੁਝ ਮਹੀਨਿਆਂ ਤੋਂ ਇਸ ਸੜਕ ਦੇ ਕੰਢੇ 'ਤੇ ਆਪਣੀਆਂ ਰੇਹੜੀਆਂ, ਫੜ੍ਹੀਆਂ, ਝੁੱਗੀਆਂ-ਝੌਂਪੜੀਆਂ ਤੇ ਖੋਖਿਆਂ ਵਿਚ ਘਰ ਪਰਿਵਾਰ ਦੇ ਪਾਲਣ-ਪੋਸ਼ਣ ਲਈ ਕਾਰੋਬਾਰ ਕਰਦੇ ਤੇ ਰਹਿੰਦੇ ਸਨ। ਉਨ੍ਹਾਂ ਦਾ ਹੁਣ ਰੋਜ਼ਗਾਰ ਠੱਪ ਹੋ ਗਿਆ ਹੈ। ਇਸ ਤੋਂ ਇਲਾਵਾ ਬੁੰਗਾ ਸਾਹਿਬ ਵਿਖੇ ਵੀ ਕਈ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ।
ਇਸ ਮੌਕੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਬਣਾਉਣ ਵਾਲੀ ਕੰਪਨੀ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਜਾੜਾ ਭੱਤਾ ਵੀ ਨਹੀਂ ਦਿੱਤਾ। ਉਨ੍ਹਾਂ ਵੱਲੋਂ ਐੱਸ.ਡੀ.ਐੱਮ ਦਫ਼ਤਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੁਆਵਜ਼ਾ ਲੈਣ ਲਈ ਦਰਖਾਸਤਾਂ ਦਿੱਤੀਆਂ ਹੋਈਆਂ ਹਨ ਪਰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ।
ਇਸ ਮੌਕੇ ਉਕਤ ਕੰਪਨੀ ਦੇ ਇੰਚਾਰਜ ਉਮਾ ਸ਼ੰਕਰ ਅਈਅਰ ਨੇ ਕਿਹਾ ਕਿ ਸੜਕ ਲਈ ਜ਼ਮੀਨ ਅਕਵਾਇਰ ਹੋ ਚੁੱਕੀ ਹੈ। ਲੋਕਾਂ ਨੂੰ ਉਸ ਦੇ ਪੈਸੇ ਵੀ ਮਿਲ ਚੁੱਕੇ ਹਨ, ਇਸ ਲਈ ਜ਼ਮੀਨ ਖਾਲੀ ਕਰਨੀ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਨੂੰ ਉਜਾੜਾ ਭੱਤਾ ਨਹੀਂ ਮਿਲਿਆ ਜਾਂ ਘੱਟ ਪੈਸੇ ਮਿਲੇ ਹਨ, ਉਹ ਇਸ ਸੰਬੰਧੀ ਮਾਣਯੋਗ ਅਦਾਲਤ ਵਿਚ ਜਾ ਸਕਦੇ ਹਨ।
ਉਧਰ, ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਕਿਸੇ ਨਾਲ ਧੱਕਾ ਨਹੀਂ ਕੀਤਾ ਗਿਆ, ਜਿਨ੍ਹਾਂ ਦੇ ਮਕਾਨ ਪੱਕੇ ਹਨ ਜਾਂ ਜਿਨ੍ਹਾਂ ਦਾ ਕੋਈ ਕੇਸ ਪੈਂਡਿੰਗ ਹੈ, ਉਨ੍ਹਾਂ ਨੂੰ ਜ਼ਮੀਨ ਖਾਲੀ ਕਰਨ ਲਈ ਕੁਝ ਸਮਾਂ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਕੰਪਨੀ ਨੇ ਮੁਆਵਜ਼ਾ ਦੇ ਦਿੱਤਾ ਹੈ, ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਜਿਨ੍ਹਾਂ ਨੂੰ ਅਜੇ ਮੁਆਵਜ਼ਾ ਨਹੀਂ ਮਿਲਿਆ, ਉਨ੍ਹਾਂ ਨੂੰ ਨਹੀਂ ਹਟਾਇਆ ਗਿਆ।
