ਰਾਜ ਮਿਸਤਰੀਆਂ ਨੇ ਖੋਲ੍ਹੀ ਸਰਕਾਰ ਦੀ ਪੋਲ, ਬਿਆਨ ਕੀਤੀ ਆਪਣੀ ਹਾਲਤ
Sunday, May 17, 2020 - 04:21 PM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਅਜਿਹੇ 'ਚ ਸਰਕਾਰ ਵੱਲੋਂ ਉਸਾਰੀਆਂ ਦੀ ਕੁਝ ਹੱਦ ਤੱਕ ਆਗਿਆ ਦੇ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਰਾਜ ਮਿਸਤਰੀ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਹਨ ਅਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਔਖਾ ਚੱਲ ਰਿਹਾ ਹੈ। ਰਾਜ ਮਿਸਤਰੀਆਂ ਵੱਲੋਂ ਆਪਣੇ ਪੱਧਰ 'ਤੇ ਹੀ ਮਿਸਤਰੀਆਂ ਦੀ ਯੂਨੀਅਨ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਸਕਣ।
ਮਿਸਤਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹਾਲੇ ਤੱਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਕਾਫ਼ੀ ਪਰੇਸ਼ਾਨ ਹਨ ਕਿ ਉਹ ਆਪਣੇ ਕੰਮ ਕਾਰ ਕਿਵੇਂ ਚਲਾਉਣ। ਉਨ੍ਹਾਂ ਨੇ ਕਿਹਾ ਕਿ ਵਿਹਲੇ ਰਹਿਣ ਕਰਕੇ ਉਹ ਪਰੇਸ਼ਾਨ ਹੋ ਗਏ ਹਨ ਅਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲ ਰਿਹਾ ਹੈ। ਰਾਜ ਮਿਸਤਰੀਆਂ ਵੱਲੋਂ ਆਪਣੇ ਪੱਧਰ 'ਤੇ ਇੱਕ ਯੂਨੀਅਨ ਬਣਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ ਪਰ ਫਿਲਹਾਲ ਉਨ੍ਹਾਂ ਦੀ ਯੂਨੀਅਨ ਰਜਿਸਟਰ ਨਹੀਂ ਹੋਈ ਹੈ, ਜਿਸ ਕਰਕੇ ਇਨਸਾਫ਼ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਰਾਜ ਮਿਸਤਰੀਆਂ ਨੇ ਕਿਹਾ ਕਿ ਸਰਕਾਰ ਨੂੰ ਉਸਾਰੀਆਂ ਦੇ ਕੰਮ ਖੋਲ੍ਹਣੇ ਚਾਹੀਦੇ ਨੇ ਤਾਂ ਜੋ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਸਕੇ।