ਦਿੱਲੀ ਹਿੰਸਾ ''ਤੇ ਬੋਲੇ ਸਿਰਸਾ, ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਧਰਮ ਗੁਰੂ

02/28/2020 7:03:53 PM

ਜਲੰਧਰ/ਨਵੀਂ ਦਿੱਲੀ,(ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਦਿੱਲੀ ਹਿੰਸਾ ਕਾਰਨ ਲੋਕ ਬਹੁਤ ਸਹਿਮੇ ਹੋਏ ਹਨ ਤੇ ਮਨੁੱਖਤਾ ਦੀ ਸੇਵਾ ਵਾਸਤੇ ਧਰਮ ਗੁਰੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਅੱਜ ਇਥੇ ਦੂਜੇ ਦਿਨ ਹਿੰਸਾ ਪ੍ਰਭਾਵਤ ਖੇਤਰਾਂ ਵਿਚ ਲੋਕਾਂ ਵਾਸਤੇ ਲੰਗਰ ਭੇਜਣ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਅਫਵਾਹਾਂ ਕਾਰਣ ਮਾਹੌਲ ਵਿਗੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਹੌਲ ਲਈ ਰਾਜਨੀਤੀ ਹੀ ਜ਼ਿੰਮੇਵਾਰ ਹੈ ਅਤੇ ਕੁਝ ਲੋਕਾਂ ਨੇ ਲਗਾਤਾਰ ਨਫਰਤ ਭਰੀ ਬਿਆਨਬਾਜ਼ੀ ਕਰ ਕੇ ਮਾਹੌਲ ਨੂੰ ਖਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਿੰਸਾ ਵਿਚ ਮਨੁੱਖਤਾ ਸ਼ਰਮਸਾਰ ਹੋਈ ਹੈ ਅਤੇ ਅੱਜ ਇਨਸਾਨ ਨੂੰ ਹੀ ਅੱਗੇ ਆ ਕੇ ਇਨਸਾਨੀਅਤ ਦੇ ਬਚਾਅ ਵਾਸਤੇ ਕੰਮ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਸਾਨੀਅਤ ਦੀ ਸੇਵਾ ਵਾਸਤੇ ਹੀ ਅੱਗੇ ਆਈ ਹੈ ਤੇ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਿੰਸਾਗ੍ਰਸਤ ਇਲਾਕਿਆਂ ਵਿਚ ਲੋਕਾਂ ਨੂੰ ਲੋੜ ਹੋਵੇਗੀ ਅਸੀਂ ਲੰਗਰ ਅਤੇ ਦਵਾਈਆਂ ਦੀ ਸੇਵਾ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਰਕਾਰ ਨੇ ਵੀ ਪਹੁੰਚ ਕੀਤੀ ਹੈ ਅਤੇ ਅਸੀਂ ਇਹ ਸੇਵਾ ਲਗਾਤਾਰ ਜਾਰੀ ਰੱਖਾਂਗੇ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਜ਼ਿਲਾ ਮੈਜਿਸਟਰੇਟ ਡੀ. ਐੱਮ. ਸੰਜੀਵ ਕੁਮਾਰ ਅਤੇ ਐੱਸ. ਡੀ. ਐੱਮ. ਸਾਹਿਬ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਸਾਗ੍ਰਸਤ ਇਲਾਕਿਆਂ ਵਿਚ ਟੀਮਾਂ ਭੇਜ ਕੇ ਮੁਫਤ ਲੰਗਰ ਵਰਤਾਉਣ 'ਤੇ ਕਮੇਟੀ ਦਾ ਧੰਨਵਾਦ ਕੀਤਾ। ਡੀ. ਐੱਮ. ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਿਰਸਾ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕਦੇ ਵੀ ਕੁਦਰਤੀ ਆਫਤ ਸਮੇਂ ਜਾਂ ਹੋਰ ਮੁਸੀਬਤਾਂ ਵਿਚ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਤੋਂ ਮਦਦ ਮੰਗੀ ਤਾਂ ਕਮੇਟੀ ਨੇ ਹਮੇਸ਼ਾ ਵੱਧ-ਚੜ੍ਹ ਕੇ ਮਨੁੱਖਤਾ ਦੀ ਸੇਵਾ ਲਈ ਕੰਮ ਕੀਤਾ ਹੈ।


Related News