ਸਿੱਖ ਕਤਲੇਆਮ ਦੇ ਮਾਮਲੇ ''ਚ ਦਿੱਲੀ ਗੁਰਦੁਆਰਾ ਕਮੇਟੀ ਨਵੀਂ ਅਰਜ਼ੀ ਦਾਇਰ ਕਰੇਗੀ

09/19/2019 3:31:06 PM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ 'ਚ ਸੁਪਰੀਮ ਕੋਰਟ ਵਿਚ ਨਵੀਂ ਅਰਜ਼ੀ ਦਾਇਰ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਰਾਹੀਂ ਇਨ੍ਹਾਂ ਕੇਸਾਂ ਦੀ ਮੁੜ ਪੜਤਾਲ ਲਈ ਗਠਿਤ ਕੀਤੀ ਗਈ ਐੱਸ. ਆਈ. ਟੀ. ਵੱਲੋਂ 6 ਮਹੀਨਿਆਂ 'ਚ ਕੀਤੇ ਕੰਮਕਾਜ ਦੀ ਸਟੇਟਸ ਰਿਪੋਰਟ ਮੰਗੀ ਜਾਵੇਗੀ। ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਸੀਨੀਅਰ ਅਕਾਲੀ ਨੇਤਾ ਅਤੇ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਇਹ ਅਰਜ਼ੀ ਸੋਮਵਾਰ ਨੂੰ ਦਾਖਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕਿਹਾ ਗਿਆ ਕਿ 1984 ਦੇ ਕਾਨਪੁਰ ਸਿੱਖ ਕਤਲੇਆਮ ਨਾਲ ਸਬੰਧਤ ਕਈ ਕੇਸਾਂ ਦੇ ਸਬੂਤ/ਕੇਸ ਰਿਕਾਰਡ ਜਾਣ-ਬੁੱਝ ਕੇ ਨਸ਼ਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਾਹਮਣੇ ਆਇਆ ਹੈ ਕਿ ਦੋ ਦਰਜਨ ਤੋਂ ਵੱਧ ਕੇਸਾਂ 'ਚ ਐੱਫ. ਆਈ. ਆਰ. ਹੀ ਗਾਇਬ ਹਨ, 32 ਹੋਰ ਕੇਸਾਂ 'ਚ ਐੱਫ. ਆਈ. ਆਰ. ਨਸ਼ਟ ਕਰ ਦਿੱਤੀਆਂ ਗਈਆਂ ਹਨ ਅਤੇ 34 ਕੇਸਾਂ ਵਿਚ ਸਬੰਧਤ ਦਸਤਾਵੇਜ਼ ਹੀ ਲਾਪਤਾ ਹਨ।
ਉਨ੍ਹਾਂ ਕਿਹਾ ਕਿ ਕਾਨਪੁਰ ਸਿੱਖ ਕਤਲੇਆਮ ਦੇ ਸਬੰਧ ਵਿਚ 1100 ਕੇਸ ਦਰਜ ਕੀਤੇ ਗਏ ਹਨ। 125 ਤਾਂ ਕਤਲ ਕੇਸ ਸਨ, ਜਿਨ੍ਹਾਂ ਵਿਚ 302 ਧਾਰਾ ਤਹਿਤ ਕੇਸ ਦਰਜ ਹੋਏ ਹਨ ਪਰ ਇਨ੍ਹਾਂ ਕੇਸਾਂ ਵਿਚੋਂ ਇਕ ਵਿਚ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ, ਕੇਸ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਪੁਲਸ ਨੇ ਐੱਸ. ਆਈ. ਟੀ. ਵਲੋਂ ਰਿਕਾਰਡ ਮੰਗਣ 'ਤੇ ਬੜੇ ਹੈਰਾਨੀਜਨਕ ਢੰਗ ਨਾਲ ਜਵਾਬ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਵੀਂ ਅਰਜ਼ੀ ਦਾਇਰ ਕਰ ਕੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਵੇਗੀ ਕਿ ਐੱਸ. ਆਈ. ਟੀ. ਵੱਲੋਂ ਕੀਤੇ ਕੰਮ ਦਾ ਸਾਰਾ ਰਿਕਾਰਡ ਤਲਬ ਕੀਤਾ ਜਾਵੇ ਅਤੇ ਦੱਸਿਆ ਜਾਵੇ ਕਿ ਇਸ ਨੇ ਕਿੰਨੇ ਅਤੇ ਕਿਹੜੇ ਕੇਸ ਮੁੜ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਐੱਸ. ਆਈ. ਟੀ. ਇਕ ਜਨਤਕ ਨੋਟਿਸ ਪ੍ਰਕਾਸ਼ ਕਰ ਕੇ ਗਵਾਹਾਂ ਨੂੰ ਸਾਹਮਣੇ ਆਉਣ ਵਾਸਤੇ ਸੱਦਾ ਦੇਵੇ ਅਤੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ 35 ਸਾਲ ਬਾਅਦ ਵੀ ਪੁਲਸ ਦਾ ਰਵੱਈਆ ਤਬਦੀਲ ਨਹੀਂ ਹੋਇਆ।
ਇਕ ਸਵਾਲ ਦੇ ਜਵਾਬ 'ਚ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਵਾਸਤੇ ਨਿਆਂ ਦੀ ਕਾਨੂੰਨੀ ਲੜਾਈ ਲੜ ਰਹੀ ਹੈ। ਅਸੀਂ ਸਿਰਫ ਨਿਆਂ ਚਾਹੁੰਦੇ ਹਾਂ ਤੇ ਇਸ ਵਿਚ ਰਾਜਨੀਤੀ ਦਾ ਕੋਈ ਮਤਲਬ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਕੇਸਾਂ ਵਿਚ ਐੱਸ. ਆਈ. ਟੀ. ਦਾ ਗਠਨ ਕੀਤਾ ਗਿਅ ਸੀ ਤਾਂ ਦਿੱਲੀ ਗੁਰਦੁਆਰਾ ਕਮੇਟੀ, ਅਕਾਲੀ ਦਲ ਅਤੇ ਭੋਗਲ ਨੇ ਸਾਂਝੇ ਤੌਰ 'ਤੇ ਕਾਨਪੁਰ ਕੇਸਾਂ ਦੀ ਲੜਾਈ ਵੀ ਲੜੀ ਤੇ ਸੁਪਰੀਮ ਕੋਰਟ ਵਿਚ ਸਾਡੀ ਪਟੀਸ਼ਨ 'ਤੇ ਹੀ ਯੂ. ਪੀ. ਵਾਸਤੇ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ ਜਿਵੇਂ ਕਿ ਸੱਜਣ ਕੁਮਾਰ ਨੂੰ ਕੀਤਾ ਗਿਆ ਤੇ ਹੁਣ ਕਮਲਨਾਥ ਦੀ ਵਾਰੀ ਹੈ। ਇਸ ਮੌਕੇ ਭੋਗਲ ਨੇ ਦੱਸਿਆ ਕਿ ਉਨ੍ਹਾਂ ਤਿੰਨ ਵਾਰ ਯੂ. ਪੀ. ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਐੱਸ. ਆਈ. ਟੀ. ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਐੱਸ. ਆਈ. ਟੀ. ਦਾ ਗਠਨ ਫਰਵਰੀ ਵਿਚ ਕੀਤਾ ਗਿਆ ਸੀ, ਇਸ ਮਗਰੋਂ ਚੋਣਾਂ ਦਾ ਐਲਾਨ ਹੋ ਗਿਆ ਤੇ ਕੰਮ ਸਿਰਫ ਜੁਲਾਈ ਵਿਚ ਹੀ ਸ਼ੁਰੂ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਉਸ ਵੇਲੇ ਐੱਸ. ਆਈ. ਟੀ. ਕੋਲ ਇਕ ਛੋਟਾ ਜਿਹਾ ਕਮਰਾ ਸੀ ਤੇ ਕੋਈ ਸਹੂਲਤ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਉਥੇ ਜਾ ਕੇ ਤਾਜ਼ਾ ਸਥਿਤੀ ਵੇਖਾਂਗੇ।


shivani attri

Content Editor

Related News