ਦਿੱਲੀ ਕਮੇਟੀ ਵੱਲੋਂ ਰਾਹੁਲ ਗਾਂਧੀ ਦੀ ਸਦਬੁੱਧੀ ਲਈ ਸੰਕੇਤਿਕ ਅਰਦਾਸ

Wednesday, Aug 29, 2018 - 12:36 PM (IST)

ਦਿੱਲੀ ਕਮੇਟੀ ਵੱਲੋਂ ਰਾਹੁਲ ਗਾਂਧੀ ਦੀ ਸਦਬੁੱਧੀ ਲਈ ਸੰਕੇਤਿਕ ਅਰਦਾਸ

ਜਲੰਧਰ (ਚਾਵਲਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਸਿੱਖ ਕਤਲੇਆਮ 'ਚ ਕਾਂਗਰਸ ਪਾਰਟੀ ਦੀ ਭੂਮਿਕਾ ਨਾ ਹੋਣ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਵਿਰੋਧ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਤਲੇਆਮ ਦੀਆਂ ਵਿਧਵਾਵਾਂ ਵੱਲੋਂ ਬੀਤੇ ਦਿਨ ਰਾਹੁਲ ਗਾਂਧੀ ਦੀ ਸਦਬੁੱਧੀ ਲਈ ਸੰਕੇਤਿਕ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਰਾਹੁਲ ਵੱਲੋਂ ਕਾਂਗਰਸ ਪਾਰਟੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਤੇ ਚੱਲਣ ਦੇ ਆਏ ਬਿਆਨ 'ਤੇ ਵੀ ਸਿੱਖ ਆਗੂਆਂ ਨੇ ਹੈਰਾਨੀ ਪ੍ਰਗਟਾਈ। 

ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਅਤੇ ਬੀਬੀ ਰਣਜੀਤ ਕੌਰ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ। ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਨਿਭਾਈ। 

ਇਸ ਮੌਕੇ ਕਾਲਕਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਰਾਹੁਲ ਨੂੰ ਪੁੱਛਿਆ ਕਿ ਜੇਕਰ ਕਾਂਗਰਸ ਨੇ ਕਤਲੇਆਮ ਨਹੀਂ ਕਰਵਾਇਆ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਤਲੇਆਮ ਲਈ ਸੰਸਦ 'ਚ ਮੁਆਫੀ ਕਿਉਂ ਮੰਗੀ ਸੀ? ਸਿਰਸਾ ਨੇ ਕਿਹਾ ਕਿ ਰਾਹੁਲ 1984 'ਚ ਸਾਡੀਆਂ ਧੀਆਂ-ਭੈਣਾਂ ਦੀ ਪੱਤ ਸੱਤਾ ਦੇ ਨਸ਼ੇ 'ਚ ਲੁੱਟਣ ਵਾਲੇ ਕਾਂਗਰਸੀਆਂ ਨੂੰ ਭੁੱਲ ਗਏ ਹਨ। ਸਿਰਸਾ ਨੇ ਇਕ ਕਦਮ ਹੋਰ ਅੱਗੇ ਵਧਦੇ ਹੋਏ ਕਿਹਾ ਕਿ ਕਾਂਗਰਸ ਦਾ ਸਮਰਥਨ ਕਰਨ ਵਾਲਾ ਸੱਚਾ ਸਿੱਖ ਨਹੀਂ ਹੋ ਸਕਦਾ। ਅਮਰਜੀਤ ਨੇ ਕਿਹਾ ਕਿ ਰਾਹੁਲ ਦਾ ਬਿਆਨ ਉਸ ਦੇ ਅੱਜ ਵੀ ਬੱਚਾ ਹੋਣ ਦੀ ਗਵਾਹੀ ਭਰਦਾ ਹੈ, ਜੋ ਕੰਧ 'ਤੇ ਲਿਖੇ ਸੱਚ ਨੂੰ ਆਪਣੀ ਨਾਕਾਬਲ ਬੁੱਧੀ ਨਾਲ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੰਦੂਮਾਜਰਾ ਨੇ ਰਾਹੁਲ ਦੇ ਬਿਆਨ ਦਾ ਮਕਸਦ ਕਾਤਲਾਂ ਦੇ ਹੱਕ 'ਚ ਭੁਗਤਣ ਵਾਲਾ ਦੱਸਦੇ ਹੋਏ ਰਾਹੁਲ ਦੇ ਬਿਆਨ ਨੂੰ ਤਜਰਬਾਹੀਣ ਸੋਚ ਦੇ ਪ੍ਰਗਟਾਵੇ ਵਜੋਂ ਦੱਸਿਆ। ਹਿੱਤ ਨੇ ਕਿਹਾ ਕਿ ਜੀ. ਕੇ. ਇਕੱਲੇ ਨਹੀਂ ਹਨ, ਸਗੋਂ ਸਾਰੀ ਪਾਰਟੀ ਉਨ੍ਹਾਂ ਦੇ ਪਿੱਛੇ ਖੜ੍ਹੀ ਹੈ। ਭੋਗਲ ਨੇ ਰਾਹੁਲ ਦੇ ਬਿਆਨ ਨੂੰ ਸ਼ਰਮਨਾਕ ਦੱਸਦੇ ਹੋਏ ਜੀ. ਕੇ. 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ।


Related News