ਸਿੱਖ ਦੰਗਾ: ਦਿੱਲੀ ਕਮੇਟੀ ਵੱਲੋਂ ਗਵਾਹਾਂ ਨੂੰ ਨਿੱਜੀ ਸੁਰੱਖਿਆ ਉਪਲੱਬਧ ਕਰਾਉਣ ਦਾ ਐਲਾਨ
Tuesday, Sep 19, 2017 - 11:52 AM (IST)

ਜਲੰਧਰ(ਚਾਵਲਾ)— ਸਾਲ 1984 ਸਿੱਖ ਕਤਲੇਆਮ ਦੇ ਮੁੱਖ ਗਵਾਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿੱਜੀ ਸੁਰੱਖਿਆ ਉਪਲੱਬਧ ਕਰਾਵੇਗੀ। ਇਸ ਗੱਲ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪਟਿਆਲਾ ਹਾਊਸ ਕੋਰਟ ਵਿਖੇ ਕਾਂਗਰਸੀ ਆਗੂ ਸੱਜਣ ਕੁਮਾਰ ਨਾਲ ਸੰਬੰਧਤ ਇਕ ਕੇਸ 'ਚ ਪੇਸ਼ੀ ਭੁਗਤਣ ਉਪਰੰਤ ਮੀਡੀਆ ਨਾਲ ਸਾਂਝੀ ਕੀਤੀ। ਜੀ. ਕੇ. ਨੇ ਕਿਹਾ ਕਿ ਦਿੱਲੀ ਪੁਲਸ ਨੇ ਮੁੱਖ ਗਵਾਹਾਂ ਦੀ ਸੁਰੱਖਿਆ ਨੂੰ ਵਾਪਸ ਲੈ ਕੇ ਕਾਤਲਾਂ ਦਾ ਹੌਂਸਲਾ ਵਧਾ ਦਿੱਤਾ ਹੈ ਪਰ ਦਿੱਲੀ ਕਮੇਟੀ ਕਿਸੇ ਕੀਮਤ 'ਤੇ ਵੀ ਕਾਤਲਾਂ ਨੂੰ ਪੀੜਤਾਂ 'ਤੇ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦੇਵੇਗੀ।
ਦਿੱਲੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਗਵਾਹਾਂ ਨੂੰ ਆਰਜ਼ੀ ਤੌਰ 'ਤੇ ਸੁਰੱਖਿਆ ਦੇਣ ਦੀ ਗੱਲ ਕਰਦੇ ਹੋਏ ਜੀ. ਕੇ. ਨੇ ਦਿੱਲੀ ਪੁਲਸ ਦੀ ਸੁਰੱਖਿਆ ਬਹਾਲੀ ਲਈ ਦਿੱਲੀ ਪੁਲਸ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਮੁਲਾਕਾਤ ਦਾ ਸਮਾਂ ਛੇਤੀ ਹੀ ਲੈਣ ਦੀ ਗੱਲ ਵੀ ਕਹੀ। ਜੀ. ਕੇ. ਨੇ ਦਿੱਲੀ ਪੁਲਸ 'ਤੇ ਵਰ੍ਹਦਿਆਂ ਕਿਹਾ ਕਿ ਇਹ ਦਿੱਲੀ ਪੁਲਸ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਇਸ ਦੇ ਤਹਿਤ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਬਚਾਉਣ ਦੇ ਨਵੇਂ ਪਲਾਨ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਨਾ ਹੋਣ ਕਾਰਨ ਗਵਾਹਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।