ਦਿੱਲੀ ਪੁਲਸ ਨੂੰ ਗ੍ਰਿਫ਼ਤਾਰੀ ਦੇਣ ਲਈ ਨੌਜਵਾਨ ਕਿਸਾਨ ਆਪਣੀ ਭੈਣ ਤੇ 6 ਸਾਲਾ ਭਾਣਜੀ ਸਣੇ ਹੋਏ ਰਵਾਨਾ

Tuesday, Apr 06, 2021 - 10:56 AM (IST)

ਦਿੱਲੀ ਪੁਲਸ ਨੂੰ ਗ੍ਰਿਫ਼ਤਾਰੀ ਦੇਣ ਲਈ ਨੌਜਵਾਨ ਕਿਸਾਨ ਆਪਣੀ ਭੈਣ ਤੇ 6 ਸਾਲਾ ਭਾਣਜੀ ਸਣੇ ਹੋਏ ਰਵਾਨਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਦਿੱਲੀ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਉਪਰੰਤ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਬੁੱਢੀ ਪਿੰਡ ਦੇ ਨੌਜਵਾਨ ਕਿਸਾਨ ਬਲਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਪੁਲਸ ਨੂੰ ਗ੍ਰਿਫ਼ਤਾਰੀ ਦੇਣ ਲਈ ਦਿੱਲੀ ਰਵਾਨਾ ਹੋਏ। ਇਸ ਮੌਕੇ ਬਲਵਿੰਦਰ ਬੱਬੂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਵਾਪਸ, ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਸ ਵੱਲੋਂ ਕਿਸਾਨਾਂ ’ਤੇ ਦਰਜ ਕੀਤੇ ਗਏ ਝੂਠੇ ਮਾਮਲੇ ਰੱਦ ਕਰਵਾਉਣ ਅਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਮੰਗ ਨੂੰ ਲੈ ਕੇ ਉਹ ਦਿੱਲੀ ਜਾ ਰਹੇ ਹਨ।

ਇਸ ਦੌਰਾਨ ਉਹ, ਉਸ ਦੀ ਭੈਣ ਕਮਲਜੀਤ ਕੌਰ ਅਤੇ ਉਸ ਦੀ 06 ਸਾਲਾ ਭਾਣਜੀ ਜੈਸਮੀਨ ਕੌਰ ਪੁੱਤਰੀ ਗੁਰਦਿਆਲ ਸਿੰਘ ਵਾਸੀ ਹੁਸੈਨਪੁਰ-ਲਾਲੋਵਾਲ, ਪਰਮਜੀਤ ਕੌਰ ਮੱਖੂ ਅਤੇ ਮਨਜੀਤ ਕੌਰ ਰਾਜਸਥਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿੱਚ ਨਤਮਸਤਕ ਹੋਣ ਉਪਰੰਤ ਬਾਬਾ ਬਕਾਲਾ ਤੋਂ ਗਏ 7ਵੇਂ ਜਥੇ ਸਣੇ ਦਿੱਲੀ ਪੁਲਸ ਨੂੰ ਪਾਰਲੀਮੈਂਟ ਨਜ਼ਦੀਕ ਗ੍ਰਿਫ਼ਤਾਰੀ ਦੇਣਗੇ। 

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਕੱਤਰ ਜਨਰਲ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਗ੍ਰਿਫ਼ਤਾਰੀ ਦੇਣ ਵਾਲੇ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ। ਨਾਲ ਹੀ ਕੇਂਦਰ ਦੀ ਮੋਦੀ ਸਰਕਾਰ ਤੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਬੱਬੂ ਕਿਸਾਨੀ ਘੋਲ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਘਟਨਾ ਉਪਰੰਤ ਦਿੱਲੀ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਗਏ ਸਨ। ਕਾਫ਼ੀ ਜੱਦੋ-ਜਹਿਦ ਉਪਰੰਤ ਉਹ, ਉਸ ਦਾ ਜੀਜਾ ਗੁਰਦਿਆਲ ਸਿੰਘ ਅਤੇ ਇੱਕ ਹੋਰ ਕਿਸਾਨ ਸਣੇ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਸਨ। ਰਿਹਾਅ ਹੋਣ ਉਪਰੰਤ ਉਨ੍ਹਾਂ ਕਿਸਾਨੀ ਘੋਲ ਵਿੱਚ ਆਪਣਾ ਯੋਗਦਾਨ ਜਾਰੀ ਰੱਖਣ ਦਾ ਦ੍ਰਿੜ੍ਹ ਸੰਕਲਪ ਲਿਆ ਸੀ।


author

rajwinder kaur

Content Editor

Related News