ਕਿਰਪਾਨ ਧਾਰਨ ਕਰਨ ਨੂੰ ਲੈ ਕੇ ਦਿੱਲੀ ਕਮੇਟੀ ਨੇ ਵੱਡੀ ਜਿੱਤ ਦਰਜ ਕੀਤੀ

Thursday, Aug 22, 2019 - 01:42 PM (IST)

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਉਦੋਂ ਵੱਡੀ ਜਿੱਤ ਦਰਜ ਕੀਤੀ ਜਦੋਂ ਦਿੱਲੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ਨੂੰ ਉਚ ਸੁਰੱਖਿਆ ਵਾਲੇ ਸਮਾਗਮਾਂ 'ਚ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਕਮੇਟੀ ਨੇ ਦਿੱਲੀ ਹਾਈ ਕੋਰਟ 'ਚ ਕੇਸ ਨੰਬਰ 13086/2018 ਦਾਇਰ ਕੀਤਾ ਸੀ। ਇਹ ਮਾਮਲਾ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ 15 ਅਗਸਤ 2018 ਨੂੰ ਆਜ਼ਾਦੀ ਦਿਹਾੜੇ 'ਤੇ ਲਾਲ ਕਿਲੇ 'ਤੇ ਹੋ ਰਹੇ ਸਮਾਗਮ 'ਚ ਕਿਰਪਾਨ ਧਾਰਨ ਕਰਨ ਕੀਤੇ ਹੋਣ ਕਾਰਣ ਰੋਕੇ ਜਾਣ ਦਾ ਸੀ। ਦਿੱਲੀ ਕਮੇਟੀ ਵੱਲੋਂ ਦਾਇਰ ਕੇਸ ਕਰਕੇ ਪੁਲਸ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਗਈ ਸੀ।

ਸਿਰਸਾ ਅਤੇ ਕਾਲਕਾ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਅਦਾਲਤ 'ਚ ਹਲਫੀਆ ਬਿਆਨ ਦਾਇਰ ਕਰ ਕੇ ਇਹ ਮੰਨ ਲਿਆ ਹੈ ਕਿ ਉਹ ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ਨੂੰ ਉਚ ਸੁਰੱਖਿਆ ਵਾਲੇ ਸਮਾਗਮਾਂ ਵਿਚ ਜਾਣ ਤੋਂ ਨਹੀਂ ਰੋਕੇਗੀ ਤੇ ਸੰਵਿਧਾਨ ਦੀ ਧਾਰਾ 25 ਤਹਿਤ ਮਿਲੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਾ ਸਨਮਾਨ ਕਰੇਗੀ। ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਪੁਲਸ ਨੂੰ ਹਦਾਇਤ ਕੀਤੀ ਹੈ ਕਿ ਇਸ ਹਲਫੀਆ ਬਿਆਨ 'ਚ ਦਾਇਰ ਗੱਲ ਦੀ ਪਾਲਣਾ ਉਹ ਭਵਿੱਖ 'ਚ ਵੀ ਕਰਦੀ ਰਹੇਗੀ। ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ 2 ਮਾਮਲਿਆਂ 'ਚ ਵੀ ਅਸੀਂ ਹਾਈ ਕੋਰਟ 'ਚ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਹਨ। ਇਕ ਕੇਸ 'ਨੀਟ' ਪ੍ਰੀਖਿਆ 'ਚ ਜਦਕਿ ਦੂਜਾ ਡੀ. ਐੱਸ. ਐੱਸ. ਐੱਸ. ਬੀ. ਦੀ ਪ੍ਰੀਖਿਆ 'ਚ ਕਿਰਪਾਨ ਅਤੇ ਕੜਾ ਪਾ ਕੇ ਜਾਣ ਤੋਂ ਰੋਕਣ ਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ 'ਚ ਸਰਕਾਰ ਨੇ ਹਾਲੇ ਆਪਣਾ ਜਵਾਬ ਦਾਇਰ ਕਰਨਾ ਹੈ ਅਤੇ ਇਨ੍ਹਾਂ ਦੋਹਾਂ ਮਾਮਲਿਆਂ ਦੀ ਅਗਲੀ ਸੁਣਵਾਈ 29 ਅਗਸਤ ਨੂੰ ਹੋਣੀ ਹੈ ਅਤੇ ਫੈਸਲਾ ਛੇਤੀ ਆਉਣ ਦੀ ਉਮੀਦ ਹੈ।


Anuradha

Content Editor

Related News