ਆਮ ਲੋਕਾਂ ਦੀ ਸਿਹਤ ਨੂੰ ਲੈ ਕੇ ਦਿੱਲੀ ਸਰਕਾਰ ਨੇ ਲਿਆ ਇਤਿਹਾਸਕ ਫੈਸਲਾ : ਸਚਦੇਵਾ

01/20/2018 4:01:51 AM

ਹੁਸ਼ਿਆਰਪੁਰ, (ਘੁੰਮਣ)- ਦਿੱਲੀ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਸਹੂਲਤ ਨੂੰ ਲੈ ਕੇ ਜੋ ਫੈਸਲਾ ਕੀਤਾ ਹੈ, ਉਹ ਇਤਿਹਾਸਕ ਫੈਸਲਾ ਹੈ । ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਕਰਦਿਆਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦਿਆ ਤੋਂ ਦਿੱਲੀ ਦਾ ਹਰ ਵਰਗ ਖੁਸ਼ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਆਮ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਮਹੱਤਵਪੂਰਣ ਫੈਸਲਾ ਲਿਆ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਸਰਕਾਰੀ ਹਸਪਤਾਲ ਵਿਚ 30 ਦਿਨ ਤੋਂ ਬਾਅਦ ਨੰਬਰ ਆਉਂਦਾ ਹੈ ਤਾਂ ਉਹ ਮਰੀਜ਼ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਹੈ। ਜਿਸ ਲਈ ਮਰੀਜ਼ ਦਾ ਸਿਰਫ ਦਿੱਲੀ ਦਾ ਐਡਰੈੱਸ ਪਰੂਫ਼ ਜ਼ਰੂਰੀ ਹੈ। 
ਸਚਦੇਵਾ ਨੇ ਦੱਸਿਆ ਇਸ ਯੋਜਨਾ  ਦੇ ਮੁਤਾਬਿਕ 52 ਪ੍ਰਕਾਰ ਦੀ ਸਰਜਰੀ, ਜਿਸ 'ਚ ਹਾਰਟ ਬਾਈਪਾਸ, ਮੋਤੀਆ ਬਿੰਦ ਅਤੇ ਗੁਰਦੇ ਦੀ ਪੱਥਰੀ ਹਟਾਉਣ ਆਦਿ ਬੀਮਾਰੀਆਂ ਨਾਲ ਸਬੰਧਿਤ ਮਰੀਜ਼ ਇਕ ਮਹੀਨੇ ਤੋਂ ਜ਼ਿਆਦਾ ਦੀ ਵੇਟਿੰਗ 'ਚ ਹਨ, ਅਜਿਹੇ ਮਰੀਜ਼ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਵਿਚ ਕਰਵਾ ਸਕਣਗੇ। ਸਚਦੇਵਾ ਨੇ ਦੱਸਿਆ ਇਸ ਸਹੂਲਤ ਦਾ ਲਾਭ ਕੋਈ ਵੀ ਵਿਅਕਤੀ ਉਠਾ ਸਕਦਾ ਹੈ ਅਤੇ ਇਸ ਲਈ ਉਸਦੀ ਆਮਦਨੀ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਅਜਿਹੇ ਕਦਮ ਚੁੱਕਣ ਤਾਂ ਆਮ ਲੋਕਾਂ ਦੀ ਕੀਮਤੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ।  ਇਸ ਮੌਕੇ ਵਾਈਸ ਪ੍ਰਧਾਨ ਦੋਆਬਾ ਜ਼ੋਨ ਗੁਰਵਰਿੰਦਰ ਸਿੰਘ ਆਨੰਦ, ਜ਼ਿਲਾ ਸਿਟੀ ਪ੍ਰਧਾਨ ਮਦਨ ਲਾਲ ਸੂਦ, ਜ਼ਿਲਾ ਸਿਟੀ ਉਪ ਪ੍ਰਧਾਨ ਪ੍ਰਧਾਨ ਕੁਲਭੂਸ਼ਣ, ਬਲਾਕ ਪ੍ਰਧਾਨ ਮੁਨੀਸ਼ ਠਾਕੁਰ ਅਤੇ ਸਰਕਲ ਇੰਚਾਰਜ ਸੁਖਦੇਵ ਮਹਿਲਾਂਵਾਲੀ ਵੀ ਮੌਜੂਦ ਸਨ।


Related News