ਦਿੱਲੀ ਵਿਧਾਨ ਸਭਾ ਚੋਣਾਂ ''ਚ ਮੋਦੀ, ਸ਼ਾਹ, ਨੱਢਾ ਅਤੇ ਕੇਜਰੀਵਾਲ ਦਾ ਭਵਿੱਖ ਲੱਗਾ ਦਾਅ ''ਤੇ

01/31/2020 10:09:55 AM

ਨਾਭਾ (ਜੈਨ): ਲਗਭਗ 20 ਸਾਲਾਂ ਤੋਂ ਦਿੱਲੀ ਦੀ ਸੱਤਾ ਤੋਂ ਦੂਰ ਰਹੀ ਭਾਜਪਾ ਹਾਈਕਮਾਂਡ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਬਹੁਮਤ ਪ੍ਰਾਪਤ ਕਰਨ ਲਈ ਇਸ ਸਮੇਂ 36 ਤੋਂ ਵੱਧ ਕੇਂਦਰੀ ਵਜ਼ੀਰਾਂ, 11 ਮੁੱਖ ਮੰਤਰੀਆਂ ਅਤੇ ਹੋਰ ਸੀਨੀਅਰ ਆਗੂਆਂ ਦੀਆਂ ਡਿਊਟੀਆਂ ਲਾ ਰੱਖੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਵੱਲੋਂ ਹਰ ਤਰ੍ਹਾਂ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਹਰਾ ਕੇ ਸੱਤਾ ਪ੍ਰਾਪਤ ਕੀਤੀ ਜਾ ਸਕੇ। ਦਿੱਲੀ ਦੇ ਸ਼ਾਹੀਨ ਬਾਗ ਦਾ ਧਰਨਾ ਅੱਜ 48ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਜੋ ਭਾਜਪਾ ਲਈ ਗਲ ਦੀ ਹੱਡੀ ਬਣ ਚੁੱਕਾ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਚੋਣਾਂ ਵਿਚ 'ਆਪ' ਨੇ ਮੁੜ ਬਹੁਮਤ ਪ੍ਰਾਪਤ ਕਰ ਲਿਆ ਤਾਂ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਲਈ ਮੁਸੀਬਤ ਬਣ ਸਕਦੇ ਹਨ। ਮੋਦੀ ਲਈ ਚੈਲੰਜ ਬਣ ਕੇ ਪੀ. ਐੱਮ. ਕੁਰਸੀ ਦੇ ਦਾਅਵੇਦਾਰ 2024 ਦੀਆਂ ਚੋਣਾਂ ਵਿਚ ਹੋ ਸਕਦੇ ਹਨ।

ਦਿੱਲੀ ਚੋਣਾਂ ਦੇ ਨਤੀਜੇ ਮੋਦੀ, ਸ਼ਾਹ, ਨੱਢਾ ਅਤੇ ਕੇਜਰੀਵਾਲ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਕੇਜਰੀਵਾਲ ਹੀਰੋ ਜਾਂ ਜ਼ੀਰੋ ਹੋ ਸਕਦੇ ਹਨ। ਜੇਕਰ ਕੇਜਰੀਵਾਲ ਮੁੜ ਸੀ. ਐੱਮ. ਬਣ ਗਏ ਤਾਂ ਪੰਜਾਬ ਦੀ ਸਿਆਸਤ ਵਿਚ ਵੀ 'ਆਪ' ਕਾਂਗਰਸ ਅਤੇ ਗਠਜੋੜ 'ਤੇ ਭਾਰੂ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਟੁੱਟ ਜਾਣ ਦੇ ਆਧਾਰ ਬਣ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਕਸੀਜਨ 'ਤੇ ਹੈ। ਕਾਂਗਰਸ ਦਾ ਖਾਤਾ ਵਿਧਾਨ ਸਭਾ ਚੋਣਾਂ ਵਿਚ ਖੁਲ੍ਹਦਾ ਹੈ ਜਾਂ ਨਹੀਂ, ਬਾਰੇ ਵੀ ਸਥਿਤੀ ਅਸਪੱਸ਼ਟ ਹੈ। ਮਾਹਿਰਾਂ ਅਨੁਸਾਰ ਅਮਿਤ ਸ਼ਾਹ ਦਾ ਹਿੰਦੂ ਕਾਰਡ ਫੇਲ ਹੁੰਦਾ ਹੈ ਜਾਂ ਪਾਸ ਬਾਰੇ 8 ਫਰਵਰੀ ਨੂੰ ਸ਼ਾਮੀਂ ਪਤਾ ਲੱਗ ਜਾਵੇਗਾ। ਇਸ ਸਮੇਂ ਸਾਰੇ ਦੇਸ਼-ਵਾਸੀਆਂ ਦੀ ਨਜ਼ਰਾਂ ਚੋਣਾਂ ਵੱਲ ਲੱਗੀਆਂ ਹੋਈਆਂ ਹਨ। ਸਿਆਸਤਦਾਨਾਂ ਦੇ ਸਾਹ ਸੁੱਕ ਰਹੇ ਹਨ। ਪੰਜਾਬ ਵਿਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਆਗੂ ਪਹਿਲਾਂ ਹੀ ਬੈਕਫੁੱਟ 'ਤੇ ਹਨ।

ਦੂਜੇ ਪਾਸੇ ਕਾਂਗਰਸ ਦੀ ਸਥਿਤੀ ਵੀ ਚੰਗੀ ਨਹੀਂ ਹੈ। ਕੈ. ਅਮਰਿੰਦਰ ਸਿੰਘ ਖਿਲਾਫ ਕਈ ਇੰਕਾ ਵਿਧਾਇਕ ਅਤੇ 2 ਰਾਜ ਸਭਾ ਮੈਂਬਰ (ਬਾਜਵਾ ਅਤੇ ਦੂਲੋ) ਪਹਿਲਾਂ ਹੀ ਬਾਗੀ ਸੁਰ ਦਿਖਾ ਕੇ ਟੀਕਾ-ਟਿੱਪਣੀ ਕਰ ਚੁੱਕੇ ਹਨ। ਦੇਸ਼-ਵਾਸੀ ਚਾਹੁੰਦੇ ਹਨ ਕਿ ਦਿੱਲੀ ਚੋਣਾਂ ਸ਼ਾਂਤਮਈ ਹੋ ਜਾਣ ਤਾਂ ਬਿਹਤਰ ਹੈ। ਅੱਜ ਜਾਮੀਆ ਵਿਚ ਹੋਈ ਫਾਇਰਿੰਗ ਨਾਲ ਦਹਿਸ਼ਤ ਦਾ ਮਾਹੌਲ ਹੈ। ਕੇਂਦਰੀ ਵਜ਼ੀਰ ਅਨੁਰਾਗ ਠਾਕੁਰ ਅਤੇ ਐੱਮ. ਪੀ. ਪ੍ਰਵੇਸ਼ ਵਰਮਾ ਚਰਚਾ 'ਚ ਹਨ। ਹੁਣ ਦੇਖਣਾ ਹੈ ਕਿ ਹਿੰਦੂਵਾਦ ਦਾ ਭਾਜਪਾ ਫਾਰਮੂਲਾ 'ਆਪ' 'ਤੇ ਭਾਰੀ ਰਹਿੰਦਾ ਹੈ ਜਾਂ ਭਾਜਪਾ ਦੀ ਕਿਸ਼ਤੀ ਨੂੰ ਡੁਬੋ ਦੇਵੇਗਾ?


Shyna

Content Editor

Related News