ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ ਵੇਅ ਪ੍ਰਪੋਜ਼ਲ ''ਚੋਂ ਅੰਮ੍ਰਿਤਸਰ ਨੂੰ ਹਟਾਉਣਾ ਪੰਜਾਬੀਆਂ ਨਾਲ ਧੱਕਾ : ਸੇਖਵਾਂ

05/06/2020 10:00:02 PM

ਬਟਾਲਾ,(ਬੇਰੀ)- ਅੱਜ ਆਪਣੇ ਗ੍ਰਹਿ ਪਿੰਡ ਸੇਖਵਾਂ 'ਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜ. ਸੇਵਾ ਸਿੰਘ ਸੇਖਵਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਜੋ 2016 'ਚ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਵੇਅ ਬਣਾਉਣ ਸਬੰਧੀ 'ਭਾਰਤ ਮਾਲਾ' ਸਕੀਮ ਤਹਿਤ ਪ੍ਰਪੋਜ਼ਲ ਬਣਾਈ ਸੀ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਕਤ ਪ੍ਰਪੋਜ਼ਲ 'ਚੋਂ ਦਿੱਲੀ-ਅੰਮ੍ਰਿਤਸਰ ਵੇਅ ਬਣਾਉਣ ਦੀ ਜਗ੍ਹਾ ਅੰਮ੍ਰਿਤਸਰ ਨੂੰ ਹਟਾ ਕੇ ਇਹ ਰੂਟ ਹੁਣ ਕੱਟੜਾ ਵੱਲ ਲਿਜਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਇਸ ਨੂੰ ਪੰਜਾਬ ਦੀ ਜਨਤਾ ਅਤੇ ਵਿਸ਼ੇਸ਼ ਕਰਕੇ ਮਾਝੇ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਸੇਖਵਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਰੋਸ ਜ਼ਾਹਰ ਕੀਤਾ ਕਿ ਪ੍ਰਪੋਜ਼ਲਾਂ ਧਾਰਮਿਕ ਨਗਰੀ ਅੰਮ੍ਰਿਤਸਰ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਹਨ ਪਰ ਆਖਰੀ ਸਮੇਂ ਵਿਚ ਉਥੇ ਲਾਗੂ ਨਾ ਹੋ ਕੇ ਦੂਜੇ ਸ਼ਹਿਰਾਂ ਵਿਚ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਨਾਲ ਗੁਰੂ ਕੀ ਨਗਰੀ ਨਾਲ ਹਮੇਸ਼ਾ ਬੇਇਨਸਾਫੀ ਹੁੰਦੀ ਹੈ ਕਿਉਂਕਿ ਇਸ ਦੀ ਮਿਸਾਲ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਲਈ ਮਨਜ਼ੂਰ ਕੀਤੀ ਸੈਂਟਰਲ ਯੂਨੀਵਰਸਿਟੀ ਅਤੇ ਏਮਜ਼ ਤੋਂ ਮਿਲਦੀ ਹੈ, ਜਿੰਨ੍ਹਾਂ ਨੂੰ ਅੰਮ੍ਰਿਤਸਰ ਵਿਚ ਲਾਗੂ ਕਰਨ ਦੀ ਬਜਾਏ ਬਠਿੰਡਾ ਵਿਚ ਲਿਜਾ ਕੇ ਲਾਗੂ ਕਰਵਾ ਦਿੱਤਾ ਗਿਆ। ਸੇਖਵਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੁਣ ਐਕਸਪ੍ਰੈੱਸ ਵੇਅ ਨੂੰ ਕੱਟੜਾ ਵੱਲ ਲਿਜਾ ਕੇ ਕੇਂਦਰ ਨੇ ਸਿੱਖੀ, ਪੰਜਾਬੀਆਂ ਅਤੇ ਵਿਸ਼ੇਸ਼ ਮਾਝੇ ਦੇ ਲੋਕਾਂ ਨਾਲ ਧੱਕਾ ਕੀਤਾ ਹੈ, ਜਿਸ ਨਾਲ ਪੰਜਾਬੀਆਂ ਵਿਚ ਇਸ ਪ੍ਰਤੀ ਭਾਰੀ ਰੋਸ ਦੀ ਲਹਿਰ ਹੈ।

ਉਨ੍ਹਾਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਇਸ ਮੁੱਦੇ ਨੂੰ ਲੋਕ ਸਭਾ ਵਿਚ ਚੁੱਕਣ ਦੀ ਜਿਥੇ ਸ਼ਲਾਘਾ ਕੀਤੀ, ਉਥੇ ਨਾਲ ਹੀ ਸਮੂਹ ਮਾਝੇ ਦੇ ਲੀਡਰਾਂ ਨੂੰ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਵੇਅ ਦੀ ਪ੍ਰਪੋਜ਼ਲ 'ਚੋਂ ਕੱਟੇ ਗਏ ਅੰਮ੍ਰਿਤਸਰ ਨੂੰ ਮੁੜ ਸ਼ਾਮਲ ਕਰਵਾਉਣ ਲਈ ਇਕਜੁਟ ਹੋਣ ਲਈ ਆਖਿਆ ਅਤੇ ਦੱਸਿਆ ਕਿ ਇਹ ਮੁੱਦਾ ਸਾਰਿਆਂ ਪੰਜਾਬੀਆਂ ਦਾ ਸਾਂਝਾ ਮੁੱਦਾ ਹੈ।
ਸੇਖਵਾਂ ਨੇ ਮਜੀਠੀਆ 'ਤੇ ਸਿਆਸੀ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਲੋਂ ਇਸ ਮੁੱਦੇ ਬਾਰੇ ਕੋਈ ਵੀ ਟਿੱਪਣੀ ਨਾ ਕੀਤੀ ਜਾਣੀ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੋ ਇਹ ਕੁਝ ਅੰਮ੍ਰਿਤਸਰ ਗੁਰੂ ਕੀ ਨਗਰੀ ਨਾਲ ਹੋ ਰਿਹਾ ਹੈ, ਉਹ ਕਿਸੇ ਵੀ ਕੀਮਤ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਵੱਖਰੇਵੇਂ ਭੁੱਲ ਕੇ ਇਸ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ ਵੇਅ ਦੀ ਪ੍ਰੋਪੋਜ਼ਲ ਨੂੰ ਅੰਮ੍ਰਿਤਸਰ ਲਈ ਲਾਗੂ ਕਰਵਾਉਣ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਵੱਡਾ ਹੰਭਲਾ ਮਾਰੀਏ। ਇਸ ਮੌਕੇ ਜ. ਸੇਖਵਾਂ ਨਾਲ ਉਨ੍ਹਾਂ ਦੇ ਸਪੁੱਤਰ ਹਲਕਾ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ।

 


Deepak Kumar

Content Editor

Related News