ਪਿੰਛੀ ਕਤਲਕਾਂਡ ਦੇ ਮੁੱਖ ਦੋਸ਼ੀ ਦੀਪੂ ਬਨੂੜ ਨੇ ਗੁਨਾਹ ਕਬੂਲਿਆ
Monday, Dec 04, 2017 - 08:15 AM (IST)
ਬਨੂੜ (ਗੁਰਪਾਲ) - ਵਾਰਡ ਨੰਬਰ 7 ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਕਤਲਕਾਂਡ ਦੇ ਮੁੱਖ ਦੋਸ਼ੀ ਅਤੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਮੁੱਖ ਮੈਂਬਰ ਦੀਪੂ ਬਨੂੜ ਕੋਲੋਂ ਅੱਜ ਸੀ. ਆਈ. ਏ. ਸਟਾਫ ਪਟਿਆਲਾ ਵਿਖੇ ਪੁੱਛਗਿੱਛ ਕੀਤੀ ਗਈ। ਦੱਸਣਯੋਗ ਹੈ ਕਿ ਦੀਪੂ ਬਨੂੜ ਨੂੰ ਭਿਵਾਨੀ ਪੁਲਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਉਪਰੰਤ ਬਨੂੜ ਪੁਲਸ ਨੇ ਦੀਪੂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ, ਜਿਸ ਦਾ ਅਦਾਲਤ ਨੇ 5 ਦਿਨਾ ਪੁਲਸ ਰਿਮਾਂਡ ਦਿੱਤਾ ਹੈ। ਸਵੇਰੇ ਪਹਿਲਾਂ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਦੀਪੂ ਦਾ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਇਆ। ਉਪਰੰਤ ਉਸ ਨੂੰ ਸੀ. ਆਈ. ਏ. ਪਟਿਆਲਾ ਲਿਜਾਇਆ ਗਿਆ, ਜਿਥੇ ਐੱਸ. ਪੀ. (ਡੀ) ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਪੁਲਸ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਜਾਣਕਾਰੀ ਅਨੁਸਾਰ ਦੀਪੂ ਨੇ ਪਿੰਛੀ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਸੂਤਰਾਂ ਅਨੁਸਾਰ ਦੀਪੂ ਨੇ ਇੰਕਸ਼ਾਫ ਕੀਤਾ ਕਿ ਉਹ ਪਿੰਛੀ ਨੂੰ ਮਾਰਨ ਲਈ 2-3 ਮਹੀਨਿਆਂ ਤੋਂ ਵਿਉਂਤਬੰਦੀ ਕਰ ਰਹੇ ਸਨ। ਉਹ ਕਤਲ ਕਰਨ ਤੋਂ ਪਹਿਲਾਂ 4-5 ਰੇਕੀ ਕਰ ਕਰਦੇ ਰਹੇ ਪਰ ਪਿੰਛੀ ਦੇ ਸੈਰ ਨਾ ਕਰਨ ਕਰ ਕੇ ਉਹ ਖਾਲੀ ਪਰਤ ਰਹੇ ਸਨ। ਪਤਾ ਲੱਗਾ ਹੈ ਕਿ ਕੋਲੋਂ ਵਾਰਡ ਨੰਬਰ 8 ਦੇ ਘਰ ਅੱਗੇ ਫਾਇਰਿੰਗ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ। ਸੰਪਰਕ ਕਰਨ 'ਤੇ ਥਾਣਾ ਮੁਖੀ ਇੰਸ. ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੀਪੂ ਤੋਂ ਸਾਰੇ ਮਾਮਲਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਗਲੇ ਕੱੁੱਝ ਦਿਨਾਂ ਤੱਕ ਪੜਤਾਲ ਜਾਰੀ ਰਹੇਗੀ।
