ਕਿਸਾਨ ਆਗੂਆਂ ਨੂੰ ਦੀਪ ਸਿੱਧੂ ਦੀ ਧਮਕੀ, ਕਿਹਾ ‘ਜੇ ਮੈਂ ਤੁਹਾਡੀਆਂ ਪੋਲਾਂ ਖੋਲ੍ਹੀਆਂ ਤਾਂ ਭੱਜਣ ਨੂੰ ਰਾਹ ਨਹੀਂ ਲੱਭਣਾ’

01/28/2021 10:18:03 AM

ਚੰਡੀਗੜ੍ਹ (ਬਿਊਰੋ) — ਪਿਛਲੇ 2 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਦਿੱਲੀ ’ਚ ‘ਟਰੈਕਟਰ ਮਾਰਚ’ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ‘ਟਰੈਕਟਰ ਮਾਰਚ’ ਦਾ ਹਿੱਸਾ ਬਣੇ। ਇਸ ਦੌਰਾਨ ਹਿੰਸਕ ਝੜਪ ਵੀ ਹੋਈ, ਜਿਸ ’ਤੇ ਕਾਫ਼ੀ ਵੱਡਾ ਵਿਵਾਦ ਵੇਖਣ ਨੂੰ ਮਿਲ ਰਿਹਾ ਹੈ। ਇਸ ਹਿੰਸਕ ਝੜਪ ਨੂੰ ਵੇਖ ਕੇ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ’ਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। 

ਦੱਸ ਦਈਏ ਕਿ ਲਾਲ ਕਿਲ੍ਹੇ ’ਤੇ ਖ਼ਾਲਸਾ ਪੰਥ ਦਾ ਝੰਡਾ ਲਾਏ ਜਾਣ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ੀ ਠਹਿਰਾਏ ਜਾ ਰਹੇ ਪੰਜਾਬੀ ਗਾਇਕ ਤੇ ਅਦਾਕਾਰ ਦੀਪ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ। ਉਨ੍ਹਾਂ ਨੇ ਬੀਤੀ ਦੇਰ ਰਾਤ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਸਾਨ ਨੇਤਾਵਾਂ ਨੂੰ ਧਮਕੀ ਦਿੰਦਿਆਂ ਕਿਹਾ ‘ਤੁਸੀਂ ਮੈਨੂੰ ਗੱਦਾਰ ਦਾ ਸਰਟੀਫਿਕੇਟ ਦਿੱਤਾ ਹੈ, ਜੇ ਮੈਂ ਤੁਹਾਡੀਆਂ ਪਰਤਾਂ ਖੋਲ੍ਹਣ ਲੱਗਾ ਤਾਂ ਤੁਹਾਨੂੰ ਦਿੱਲੀ ਤੋਂ ਭੱਜਣ ਲਈ ਰਾਹ ਵੀ ਨਹੀਂ ਲੱਭਣਾ। ਦੀਪ ਸਿੱਧੂ ਨੇ ਕਿਹਾ ਤੁਹਾਨੂੰ ਤਾਂ ਸਾਡੇ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਕੰਮ ਕੀਤਾ ਪਰ ਤੁਸੀਂ ਤਾਂ ਸਾਨੂੰ ਹੀ ਦੋਸ਼ੀ ਠਹਿਰਾ ਰਹੇ ਹਨ। 

ਕੁਝ ਲੋਕਾਂ ਨੇ ਕਿਹਾ ਦੀਪ ਸਿੱਧੂ ਮੋਟਰ ਸਾਈਕਲ ’ਤੇ ਬੈਠ ਕੇ ਭੱਜ ਗਿਆ ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਟਰੈਕਟਰ ’ਤੇ ਬੈਠ ਕੇ ਲਾਈਵ ਕੀਤਾ, ਮੈਂ ਕੀਤੇ ਨਹੀਂ ਭੱਜਿਆ। ਸਿੱਧੂ ਨੇ ਅੱਗੇ ਕਿਹਾ ਕਿ ਮੈਨੂੰ ਇਸ ਲਈ ਲਾਈਵ ਆਉਣਾ ਪਿਆ ਕਿਉਂਕਿ ਮੇਰੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ । ਬਹੁਤ ਕੁਝ ਝੂਠ ਫੈਲਾਇਆ ਜਾ ਰਿਹਾ ਹੈ। ਮੈਂ ਬਹੁਤ ਸਾਰੇ ਦਿਨਾਂ ਤੋਂ ਇਹ ਸਭ ਪੀ ਰਿਹਾ ਸੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਸਾਂਝੇ ਸੰਘਰਸ਼ ਨੂੰ ਠੇਸ ਪਹੁੰਚੇ, ਪਰ ਤੁਸੀ ਜਿਸ ਪੜਾਅ ‘ਤੇ ਆ ਗਏ ਹੋ ਉਥੇ ਕੁਝ ਗੱਲਾਂ ਕਰਨੀਆਂ ਬਹੁਤ ਜਰੂਰੀ ਹੋ ਗਈਆਂ ਹਨ।

ਦੀਪ ਸਿੱਧੂ ਨੇ ਵੀਡੀਓ 'ਚ ਕਿਹਾ ਕਿ ਉਸ ਦੌਰਾਨ ਸਟੇਜ 'ਤੇ ਸਥਿਤੀ ਅਜਿਹੀ ਹੋ ਗਈ ਸੀ ਕਿ ਉਸ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਉਥੋਂ ਚਲੇ ਗਏ। ਇਸ ਤੋਂ ਬਾਅਦ ਨਿਹੰਗਾਂ ਦੀਆਂ ਜੱਥੇਬੰਦੀਆਂ ਨੇ ਹਾਲਾਤ ਖਰਾਬ ਹੋਣ ਦਾ ਕਹਿੰਦੇ ਹੋਏ ਮੈਨੂੰ ਉੱਥੇ ਬੁਲਾਇਆ। ਮੈਂ ਉੱਥੇ ਸਟੇਜ ‘ਤੇ ਜਾ ਕੇ ਕਿਸਾਨ ਆਗੂਆਂ ਦਾ ਸਮਰਥਨ ਕੀਤਾ। ਦਿੱਲੀ ਹਿੰਸਾ ਬਾਰੇ ਬੋਲਦਿਆਂ ਦੀਪ ਸਿੱਧੂ ਨੇ ਕਿਹਾ ਕਿ ਜਦੋਂ ਮੈਂ ਲਾਲ ਕਿਲ੍ਹੇ ‘ਤੇ ਪਹੁੰਚਿਆ ਤਾਂ ਗੇਟ ਟੁੱਟ ਚੁੱਕਿਆ ਸੀ। ਹਜ਼ਾਰਾਂ ਦੀ ਭੀੜ ਉਸ 'ਚ ਖੜ੍ਹੀ ਸੀ। ਮੈਂ ਬਾਅਦ 'ਚ ਉਸ ਸੜਕ ‘ਤੇ ਪਹੁੰਚਿਆ ਜਿੱਥੇ ਸੈਂਕੜੇ ਟਰੈਕਟਰ ਪਹਿਲਾਂ ਹੀ ਖੜ੍ਹੇ ਸਨ। ਮੈਂ ਪੈਦਲ ਹੀ ਕਿਲ੍ਹੇ ਦੇ ਅੰਦਰ ਪਹੁੰਚਿਆ। ਉਥੇ ਕੋਈ ਕਿਸਾਨ ਆਗੂ ਨਜ਼ਰ ਨਹੀਂ ਆਇਆ। ਇਸ ਤੋਂ ਇਲਾਵਾ ਦੀਪ ਸਿੱਧੂ ਨੇ ਕਿਹਾ ਕਿ ਅਸੀਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ। ਅਸੀਂ ਕੋਈ ਹਿੰਸਾ ਨਹੀਂ ਕੀਤੀ। ਕਿਸੇ ਨੇ ਸਾਡੇ ਲੋਕਾਂ 'ਤੇ ਲਾਠੀਚਾਰਜ ਨਹੀਂ ਕੀਤਾ, ਸਭ ਕੁਝ ਸੁਚਾਰੂ ਢੰਗ ਨਾਲ ਹੋ ਗਿਆ। ਅਸੀਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਸਾਡੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਪ੍ਰਤੀ ਸਰਕਾਰ ਦਾ ਰਵੱਈਆ ਸਹੀ ਨਹੀਂ ਸੀ, ਉਨ੍ਹਾਂ ਨੇ ਵਾਰ-ਵਾਰ ਸਾਡਾ ਅਪਮਾਨ ਕੀਤਾ।

ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ 'ਚ ਕਿਸਾਨਾਂ ਦੇ 'ਟਰੈਕਟਰ ਮਾਰਚ' ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਦੋਸ਼ ਦੀਪ ਸਿੱਧੂ ‘ਤੇ ਲਗਾਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ। ਇਸ ਕੇਸ 'ਚ ਦਰਜ ਐਫ. ਆਈ. ਆਰ. 'ਚ ਸਿੱਧੂ ਦਾ ਨਾਮ ਵੀ ਸ਼ਾਮਲ ਹੈ।


ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor

Related News