ਪੰਜਾਬ ਕੈਬਨਿਟ ਦੇ ਫ਼ੈਸਲੇ ਸਿਰਫ਼ ਦਿਖਾਵਾ : ਚੀਮਾ

02/20/2021 2:58:11 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਕੀਤੀ ਗਈ ਕੈਬਨਿਟ ਮੀਟਿੰਗ ਵਿਚ ਕੈਪਟਨ ਸਰਕਾਰ ਵਲੋਂ ਲਏ ਗਏ ਫੈਸਲਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਪਣੀ ਪ੍ਰਤੀਿਕਿਰਿਆ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਫੈਸਲੇ ਦਿਖਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਇਹ ਫੈਸਲਾ ਅਸਲੀ ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਹੈ। ਮੌੜ ਬੰਬ ਧਮਾਕੇ ਵਿਚ ਜਾਨ ਗੁਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਐਲਾਨ ’ਤੇ ਟਿੱਪਣੀ ਕਰਦੇ ਹੋਏ ਚੀਮਾ ਨੇ ਕਿਹਾ ਕਿ ਇਹ ਫੈਸਲਾ ਬਹੁਤ ਦੇਰ ਨਾਲ ਲਿਆ ਗਿਆ ਹੈ ਅਤੇ ਇਹ ਕਾਫੀ ਨਹੀਂ ਹੈ। ਕੈਪਟਨ ਸਰਕਾਰ 4 ਸਾਲ ਵਿਚ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀ ਤਾਂ ਹੁਣ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਨਣ ਦੇ ਬਾਅਦ ਕੈਪਟਨ ਨੇ ਸਰਕਾਰੀ ਮਹਿਕਮਿਆਂ ਦੀਆਂ ਅਸਾਮੀਆਂ ਨੂੰ ਵੀ ਘੱਟ ਕਰ ਦਿੱਤਾ। ਹੁਣ ਕੈਬਨਿਟ ਦੇ ਫ਼ੈਸਲੇ ਵਿਚ ਕਿਹਾ ਗਿਆ ਕਿ ਸਰਕਾਰ ਨੇ 1875 ਨਵੀਆਂ ਅਸਾਮੀਆਂ ਪੈਦਾ ਕੀਤੀਆਂ ਹਨ ਪਰ ਅਸਲ ਵਿਚ ਸਰਕਾਰ ਨੇ 3720 ਅਸਾਮੀਆਂ ਘੱਟ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਨੂੰ ਪਾਕਿ ਜਾਣ ਦੀ ਇਜਾਜ਼ਤ ਨਾ ਦੇਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ : ਚੀਮਾ    

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 31 ਜਨਵਰੀ, 2017 ਨੂੰ ਵਾਪਰੇ ਮੌੜ ਮੰਡੀ ਬੰਬ ਧਮਾਕੇ ਵਿਚ ਮਾਰੇ ਗਏ 4 ਨਾਬਾਲਗਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਵਿਚੋਂ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਨਿਯਮਾਂ ਵਿਚ ਵਿਸ਼ੇਸ਼ ਉਪਬੰਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਾਬਾਲਗ ਮ੍ਰਿਤਕ ਦੇ ਸਬੰਧ ਵਿਚ ਮੌਜੂਦਾ ਨਿਯਮ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਮੁਹੱਈਆ ਨਹੀਂ ਕਰਵਾਉਂਦੇ। ਮੰਤਰੀ ਮੰਡਲ ਦੇ ਫੈਸਲੇ ਨਾਲ ਹਰੇਕ ਮੈਂਬਰ ਨੂੰ ਵਿਸ਼ੇਸ਼ ਕੇਸ (ਇਸ ਨੂੰ ਪ੍ਰਥਾ ਸਮਝੇ ਬਿਨਾਂ) ਦੇ ਤਹਿਤ ਸਿੱਧੇ ਕੋਟੇ ਦੀਆਂ ਖਾਲ੍ਹੀ ਅਸਾਮੀਆਂ ਵਿਰੁੱਧ ਬਠਿੰਡਾ ਜ਼ਿਲ੍ਹੇ ਜਾਂ ਨਾਲ ਲਗਦੇ ਜ਼ਿਲਿ੍ਹਆਂ ਵਿਚ ਉਨ੍ਹਾਂ ਦੀ ਵਿਦਿਆ ਯੋਗਤਾ ਦੇ ਮੁਤਾਬਕ ਨੌਕਰੀ ਦੇਣ ਲਈ ਸਬੰਧਤ ਨਿਯਮਾਂ/ਨੀਤੀ ਵਿਚ ਢਿੱਲ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਨੌਕਰੀ ਦੇਣ ਤੋਂ ਇਲਾਵਾ ਹਰੇਕ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 5-5 ਲੱਖ ਰੁਪਏ ਜਦਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮੱਦਦ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਵਜ਼ਾਰਤ ਨੇ 5 ਹੋਰ ਮਹਿਕਮਿਆਂ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵਲੋਂ ਕੀਤੇ ਗਏ ਫੈਸਲੇ ਨਾਲ 1875 ਨਵੀਂਆਂ ਅਸਾਮੀਆਂ ਦੀ ਸਿਰਜਣਾ ਹੋਵੇਗੀ ਜਦੋਂਕਿ ਮੌਜੂਦਾ 3720 ਅਸਾਮੀਆਂ ਜਿਹੜੀਆਂ ਸੰਦਰਭਹੀਣ ਤੇ ਗੈਰ-ਤਰਕਸੰਗਤ ਹੋ ਗਈਆਂ, ਦਾ ਸਮਰਪਣ ਕੀਤਾ ਜਾਵੇਗਾ। ਪੁਨਰਗਠਨ ਵਾਲੇ 5 ਮਹਿਕਮੇ ਮਾਲ, ਮੁੜ-ਵਸੇਬਾ ਤੇ ਆਫ਼ਤ ਪ੍ਰਬੰਧਨ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਯੋਜਨਾ, ਸਮਾਜਿਕ ਨਿਆਂ ਸਸ਼ਕਤੀਕਰਨ ਤੇ ਘੱਟ ਗਿਣਤੀ ਅਤੇ ਸ਼ਹਿਰੀ ਹਵਾਬਾਜ਼ੀ ਹਨ।

ਇਹ ਵੀ ਪੜ੍ਹੋ : ਰੇਤ ਦੇ ਹਨ੍ਹੇਰੇ 'ਚ ਵਾਪਰਿਆ ਹਾਦਸਾ, ਡਰੇਨ ’ਚ ਜਾ ਡਿੱਗੀ ਕਾਰ, ਬੀਬੀ ਦੀ ਮੌਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News