ਅਕਾਲ ਤਖ਼ਤ ਦਾ ਫੈਸਲਾ, ਗੈਰ ਸਿਆਸੀ ਹੋਵੇਗਾ ਪ੍ਰਕਾਸ਼ ਪੁਰਬ ਦਾ ਸਮਾਗਮ

10/21/2019 7:57:51 PM

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਸਟੇਜ ਦਾ ਮਸਲਾ ਸੁਲਝਾਉਣ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਸੰਵਾਦ ਲਈ ਮੀਟਿੰਗ 'ਚ ਸੱਦਿਆ ਗਿਆ। ਹਾਲਾਂਕਿ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਸਟੇਜ ਦਾ ਮਸਲਾ ਸੁਲਝਾਉਣ 'ਚ ਅਸਫਲ ਰਹੇ। ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਪਰ ਅੱਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਬੁਲਾਇਆ ਗਿਆ।
ਇਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਗੁਰੂ ਕੀ ਬੇਰ ਵਿਖੇ ਹੋਣ ਵਾਲੇ ਸਮਾਗਮ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੇਖੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਪ੍ਰਮੁੱਖ ਸ਼ਖ਼ਸੀਅਤਾਂ ਇਸੇ ਸਥਾਨ 'ਤੇ ਨਤਮਸਤਕ ਹੋਣਗੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਇਹ ਸਮਾਗਮ ਗੈਰ ਸਿਆਸੀ ਹੋਵੇਗਾ ਤੇ ਇਸ 'ਚ ਸਾਰੀਆਂ ਹੀ ਸ਼ਖ਼ਸੀਅਤਾਂ ਸਿਆਸਤ ਤੋਂ ਬਿਨਾਂ ਪੁੱਜ ਕੇ ਸਿਜਦਾ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਹਰ ਸਮਾਗਮ ਦੀ ਸਟੇਜ਼ 'ਤੇ ਅਕਾਲ ਤਖ਼ਤ ਵਲੋਂ ਨਜ਼ਰ ਰੱਖੀ ਜਾਵੇਗੀ, ਇਸ ਦੌਰਾਨ ਕਿਸੇ ਵੀ ਸਟੇਜ਼ 'ਤੇ ਸਿਆਸੀ ਗੱਲਬਾਤ ਨਹੀਂ ਕਰਨ ਦਿੱਤੀ ਜਾਵੇਗੀ।  
ਗਿਆਨੀ ਹਰਪ੍ਰੀਤ ਨੂੰ ਜਦੋਂ ਇਹ ਗੱਲ ਪੁੱਛੀ ਗਈ ਕਿ ਕਾਂਗਰਸ ਪਾਰਟੀ ਨਾਲ ਏਕਤਾ ਦੀ ਗੱਲ ਅਸਫਲ ਰਹੀ ਤਾਂ ਹੁਣ ਉਹ ਆਪਣੀ ਸਟੇਜ ਵੀ ਲਾਉਣਗੇ, ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਕਈ ਜਥੇਬੰਦੀਆਂ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸਟੇਜਾਂ ਲਾਈਆਂ ਜਾਣਗੀਆਂ। ਸਿਰਫ ਇੱਕ ਹੀ ਅਪੀਲ ਹੈ ਕਿ ਸਟੇਜ ਕੋਈ ਵੀ ਲਾ ਸਕਦਾ ਹੈ ਪਰ ਉਸ ਜਗ੍ਹਾ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਨ੍ਹਾਂ ਦੇ ਫਲਸਫੇ ਦੀ ਹੀ ਗੱਲ ਕੀਤੀ ਜਾਵੇ।


Related News