ਪੰਜਾਬ 'ਚ 'ਡਿਫਾਲਟਰ ਕਰਜ਼ਦਾਰਾਂ' ਲਈ ਸ਼ੁਰੂ ਹੋਈ ਇਹ ਖ਼ਾਸ ਸਕੀਮ, ਮਿਲੇਗੀ ਵੱਡੀ ਰਾਹਤ

Thursday, Feb 04, 2021 - 01:38 PM (IST)

ਪੰਜਾਬ 'ਚ 'ਡਿਫਾਲਟਰ ਕਰਜ਼ਦਾਰਾਂ' ਲਈ ਸ਼ੁਰੂ ਹੋਈ ਇਹ ਖ਼ਾਸ ਸਕੀਮ, ਮਿਲੇਗੀ ਵੱਡੀ ਰਾਹਤ

ਚੰਡੀਗੜ੍ਹ (ਸ਼ਰਮਾ) : ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਡਿਫਾਲਟਰ ਕਰਜ਼ਦਾਰਾਂ ਲਈ 'ਕਰਜ਼ਾ ਪੁਨਰਗਠਨ ਸਕੀਮ' ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅਜਿਹੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸਕੀਮ ਤਹਿਤ ਕਰਜ਼ਦਾਰਾਂ ਲਈ ਮੁੜ ਤੈਅ ਕੀਤੀ ਬਕਾਇਆ ਰਕਮ ਦਾ 20 ਫ਼ੀਸਦੀ ਭੁਗਤਾਨ ਕਰਨ ’ਤੇ ਪੂਰਾ ਦੰਡਿਤ ਵਿਆਜ਼ ਮੁਆਫ਼ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬੈਂਕ ਨੇ ਉਨ੍ਹਾਂ ਡਿਫਾਲਟਰ ਕਰਜ਼ਦਾਰਾਂ ਲਈ 'ਕਰਜ਼ਾ ਪੁਨਰਗਠਨ ਸਕੀਮ' ਸ਼ੁਰੂ ਕੀਤੀ ਹੈ, ਜਿਹੜੇ ਪਿਛਲੇ ਕੁੱਝ ਸਾਲਾਂ ਤੋਂ ਆਪਣੇ ਮਾੜੇ ਵਿੱਤੀ ਹਾਲਾਤਾਂ ਕਾਰਨ ਆਪਣੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕਰ ਸਕੇ।

ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ 'ਉਗਰਾਹਾਂ' ਦਾ ਵੱਡਾ ਐਲਾਨ, ਸਰਕਾਰ ਨਾਲ ਗੱਲਬਾਤ ਲਈ ਸਾਹਮਣੇ ਰੱਖੀ ਇਹ ਮੰਗ

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਰਜ਼ਾ ਲੈਣ ਵਾਲੇ ਡਿਫਾਲਟਰਾਂ ਦੇ ਲੋਨ ਖਾਤਿਆਂ ਨੂੰ ਮੁੜ ਸੂਚੀਬੱਧ ਕੀਤਾ ਜਾਵੇਗਾ, ਜਿਸ ਨਾਲ ਉਹ ਆਪਣਾ ਕਰਜ਼ਾ ਆਸਾਨ ਕਿਸ਼ਤਾਂ ’ਚ ਵਾਪਸ ਕਰ ਸਕਣਗੇ ਅਤੇ ਉਨ੍ਹਾਂ ਨੂੰ ਕਰਜ਼ੇ ਦੀ ਵਸੂਲੀ ਲਈ ਬੈਂਕ ਵੱਲੋਂ ਆਰੰਭੀ ਕਾਨੂੰਨੀ ਕਾਰਵਾਈ ਤੋਂ ਰਾਹਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਪੁਨਰਗਠਨ ਸਮੇਂ ਕਰਜ਼ਾ ਲੈਣ ਵਾਲਾ ਆਪਣੀ ਬਕਾਇਆ ਰਕਮ ਦਾ 20 ਫ਼ੀਸਦੀ ਅਦਾ ਕਰਦਾ ਹੈ ਤਾਂ ਉਸ ਦੇ ਖਾਤੇ 'ਚ ਬਕਾਇਆ ਸਾਰਾ ਦੰਡਿਤ ਵਿਆਜ਼ ਮੁਆਫ਼ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਰਜ਼ਾ ਲੈਣ ਵਾਲੇ ਉਸ ਤੋਂ ਬਾਅਦ ਵੀ ਹੋਰ ਕਰਜ਼ਾ ਲੈਣ ਲਈ ਯੋਗ ਹੋਣਗੇ, ਜੇਕਰ ਉਹ ਨਿਯਮਤ ਰੂਪ 'ਚ ਮੁੜ ਤੈਅ ਕੀਤੇ ਕਰਜ਼ੇ ਦੀ ਇਕ ਤਿਹਾਈ ਅਦਾਇਗੀ ਕਰਦੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੂੰ NGT ਵੱਲੋਂ 50 ਕਰੋੜ ਦਾ ਜੁਰਮਾਨਾ ਭਰਨ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਰੰਧਾਵਾ ਨੇ ਅੱਗੇ ਦੱਸਿਆ ਕਿ ਬੈਂਕ ਨੇ ਕੋਵਿਡ-19 ਮਹਾਮਾਰੀ ਕਾਰਨ 1 ਮਾਰਚ, 2020 ਤੋਂ 31 ਅਗਸਤ, 2020 ਦੌਰਾਨ ਆਈਆਂ ਰੁਕਾਵਟਾਂ ਦੌਰਾਨ ਅਦਾਇਗੀ ਨਾ ਕੀਤੇ ਕਰਜ਼ੇ ਦੀਆਂ ਕਿਸ਼ਤਾਂ ’ਤੇ ਸਟੈਂਡਰਡ ਲੋਨ ਖਾਤਿਆਂ ’ਤੇ 6 ਮਹੀਨੇ ਦੀ ਛੋਟ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਇਸ ਨਾਲ ਉਨ੍ਹਾਂ ਕਰਜ਼ਾ ਲੈਣ ਵਾਲਿਆਂ ਨੂੰ ਰਾਹਤ ਮਿਲੇਗੀ, ਜੋ ਇਸ ਮਿਆਦ 'ਚ ਆਪਣੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ 6 ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਲੋਨ ਖਾਤੇ ਦਾ ਬਕਾਇਆ ਕਾਰਜਕਾਲ ਤਬਦੀਲ ਹੋ ਜਾਵੇਗਾ। ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਕਿਹਾ ਕਿ ਬੈਂਕ ਨੇ ਦੰਡਿਤ ਵਿਆਜ਼ ਮੁਆਫ਼ ਕਰਨ ਸਬੰਧੀ ਚੱਲ ਰਹੀ ਯੋਜਨਾ 'ਚ 31 ਮਾਰਚ, 2021 ਤੱਕ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਸਬੰਧੀ 'ਵੀਡੀਓ' 'ਤੇ 'ਕੇਜਰੀਵਾਲ' ਦੀ ਕੈਪਟਨ ਨੂੰ ਚਿਤਾਵਨੀ, ਜਾਣੋ ਪੂਰਾ ਮਾਮਲਾ

ਇਸ ਸਕੀਮ ਅਧੀਨ ਕਰਜ਼ਾ ਲੈਣ ਵਾਲਿਆਂ ਦੇ ਲੋਨ ਖਾਤਿਆਂ ਦਾ ਬਕਾਇਆ ਸਾਰਾ ਜੁਰਮਾਨਾ ਮੁਆਫ਼ ਕਰ ਦਿੱਤਾ ਜਾਂਦਾ ਹੈ, ਜੇਕਰ ਕਰਜ਼ਾ ਲੈਣ ਵਾਲਿਆਂ ਵੱਲੋਂ ਡਿਫਾਲਟਰ ਦੀ ਰਕਮ ਦਾ ਭੁਗਤਾਨ ਕੀਤਾ ਜਾਂਦਾ ਹੈ ਜਾਂ ਆਪਣਾ ਲੋਨ ਖਾਤਾ ਬੰਦ ਕਰਵਾ ਦਿੱਤਾ ਜਾਂਦਾ ਹੈ। ਇਹ ਯੋਜਨਾ ਅਕਤੂਬਰ, 2020 'ਚ ਸ਼ੁਰੂ ਕੀਤੀ ਗਈ ਸੀ ਅਤੇ ਕਰੀਬ 4000 ਕਿਸਾਨਾਂ ਨੇ ਇਸ ਯੋਜਨਾ ਦਾ ਲਾਭ ਲਿਆ, ਜਿਸ ਨਾਲ ਕਰੀਬ 1.23 ਕਰੋੜ ਰੁਪਏ ਦੀ ਰਾਹਤ ਹਾਸਲ ਕੀਤੀ। ਇਸ ਸਮੇਂ 89 ਬੈਂਕ ਹਨ, ਜਿਨ੍ਹਾਂ 'ਚੋਂ ਸਿਰਫ 30 ਪੀ. ਏ. ਡੀ. ਬੀਜ਼ ਪੰਜਾਬ 'ਚ ਕਿਸਾਨਾਂ ਨੂੰ ਨਵੇਂ ਕਰਜ਼ੇ ਮੁਹੱਈਆ ਕਰਵਾ ਰਹੀਆਂ ਹਨ। ਰਜਿਸਟਰਾਰ ਨੇ ਕਿਹਾ ਕਿ ਹੁਣ ਬੈਂਕ ਨੇ ਆਪਣੇ ਆਡਿਟ ਵਰਗੀਕਰਨ ਨਿਯਮਾਂ 'ਚ ਸੋਧ ਕੀਤੀ ਹੈ ਅਤੇ ਹੁਣ ਕਿਸਾਨਾਂ ਨੂੰ ਨਵੇਂ ਕਰਜ਼ੇ ਦੇਣ ਵਾਲੇ ਅਜਿਹੇ ਬੈਂਕਾਂ ਦੀ ਗਿਣਤੀ 70 ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬੈਂਕ ਨੇ ਆਪਣੀ ਲੋਨ ਨੀਤੀ 'ਚ ਵੀ ਸੋਧ ਕੀਤੀ ਹੈ ਤਾਂ ਜੋ ਇਕ ਕਿਸਾਨ ਆਪਣੀ ਅਦਾਇਗੀ ਕਰਨ ਦੀ ਸਮਰੱਥਾ ਦੇ ਆਧਾਰ ’ਤੇ ਇਕ ਲੋਨ ਦੀ ਬਜਾਏ ਦੋ ਲੋਨ ਲੈ ਸਕਣ। ਉਨ੍ਹਾਂ ਕਿਹਾ ਕਿ ਬੈਂਕ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਲੋਨ ਬਿਨੈਕਾਰ ਕੋਲ ਘੱਟੋ-ਘੱਟ 650 ਦਾ ‘ਸਿੱਬਲ’ ਸਕੋਰ ਹੋਣਾ ਚਾਹੀਦਾ ਹੈ ਤਾਂ ਜੋ ਇਕ ਵਧੀਆ ਲੋਨ ਪੋਰਟਫੋਲੀਓ ਅਤੇ ਲੋਨ ਦੀ ਅਦਾਇਗੀ ਲਈ ਇਕ ਚੰਗਾ ਮਾਹੌਲ ਸਿਰਜਣ ਨੂੰ ਯਕੀਨੀ ਬਣਾਇਆ ਜਾ ਸਕੇ।
ਨੋਟ : ਪੰਜਾਬ 'ਚ ਡਿਫਾਲਟਰ ਕਰਜ਼ਦਾਰਾਂ ਬਾਰੇ ਸ਼ੁਰੂ ਹੋਈ 'ਕਰਜ਼ਾ ਪੁਨਰਗਠਨ ਸਕੀਮ' ਬਾਰੇ ਤੁਹਾਡੀ ਕੀ ਹੈ ਰਾਏ?


author

Babita

Content Editor

Related News