ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ

Tuesday, Jun 13, 2017 - 04:04 PM (IST)

ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ

ਲੁਧਿਆਣਾ (ਮਹੇਸ਼)-ਅਬਦੁੱਲਾਪੁਰ ਬਸਤੀ ਇਲਾਕੇ 'ਚ ਸੋਮਵਾਰ ਨੂੰ 32 ਸਾਲਾ ਇਕ ਲੜਕੇ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਨੂਰਵਾਲਾ ਰੋਡ ਦੇ ਸੰਜੂ ਸ਼ਰਮਾ ਦੇ ਰੂਪ ਵਿਚ ਹੋਈ ਹੈ, ਜੋ ਕਿ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ। ਉਸ ਦੇ ਪਰਿਵਾਰ ਨੇ ਉਸ ਦੀ ਹੱਤਿਆ ਦਾ ਸ਼ੱਕ ਜ਼ਾਹਿਰ ਕੀਤਾ ਹੈ। ਫਿਲਹਾਲ ਪੁਲਸ ਨੇ ਲਾਸ਼ ਦਾ ਪੰਚਨਾਮਾ ਕਰ ਕੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਮਾਮਲਾ ਸਾਫ ਹੋ ਸਕੇਗਾ।
ਘਟਨਾ ਦਾ ਪਤਾ ਸੋਮਵਾਰ ਦੁਪਹਿਰ ਕਰੀਬ 2.30 ਵਜੇ ਦੇ ਬਾਅਦ ਲੱਗਾ, ਜਦ ਇਕ ਵਿਅਕਤੀ ਨੇ ਬੱਸ ਅੱਡਾ ਚੌਕੀ ਦੇ ਪਿੱਛੇ ਰੇਲਵੇ ਕੁਆਰਟਰਾਂ ਦੇ ਇਕ ਖਾਲੀ ਪਲਾਟ ਵਿਚ ਇਕ ਲੜਕੇ ਦੀ ਲਾਸ਼ ਪਈ ਦੇਖੀ। ਲਾਸ਼ ਕੋਲ ਹੀ ਉਸ ਦੀ ਐਕਟਿਵਾ ਖੜ੍ਹੀ ਸੀ। ਉਸ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਏ. ਸੀ. ਪੀ. ਗੁਰਪ੍ਰੀਤ ਸਿੰਘ, ਡਵੀਜ਼ਨ ਨੰ. 6 ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਪੁਲਸ ਪਾਰਟੀ ਸਮੇਤ ਪਹੁੰਚੇ। ਐਕਟਿਵਾ ਦੇ ਕਾਗਜ਼ਾਂ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕ ਦੇ ਜੀਜਾ ਨਾਲ ਫੋਨ 'ਤੇ ਸੰਪਰਕ ਕੀਤਾ ਅਤੇ ਵਟਸਐਪ 'ਤੇ ਮ੍ਰਿਤਕ ਤੇ ਐਕਟਿਵਾ ਦੀ ਤਸਵੀਰ ਭੇਜ ਕੇ ਲਾਸ਼ ਦੀ ਸ਼ਨਾਖਤ ਕਰਵਾਈ।
ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੀ ਗਰਦਨ, ਬਾਂਹ ਤੇ ਕੰਨ ਕੋਲ ਨੀਲੇ ਪੈ ਚੁੱਕੇ ਜ਼ਖਮਾਂ ਦੇ ਨਿਸ਼ਾਨ ਸਨ। ਏ. ਸੀ. ਪੀ. ਦਾ ਕਹਿਣਾ ਹੈ ਕਿ ਡਾਕਟਰਾਂ ਦੇ ਬੋਰਡ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਦੇ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ, ਫਿਲਹਾਲ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪੁਲਸ ਨੇ ਮ੍ਰਿਤਕ ਦਾ ਮੋਬਾਇਲ ਫੋਨ 'ਤੇ ਐਕਟਿਵਾ ਜਾਂਚ ਲਈ ਕਬਜ਼ੇ ਵਿਚ ਲੈ ਲਏ ਹਨ। ਵਿਨੋਦ ਨੇ ਦੱਸਿਆ ਕਿ ਉਸ ਦੇ ਮੋਬਾਇਲ ਦੀ ਕਾਲ ਡਿਟੇਲ ਕਢਵਾਈ ਜਾਵੇਗੀ।
ਉਧਰ ਮ੍ਰਿਤਕ ਦੇ ਪਰਿਵਾਰ ਨੇ ਸੰਜੂ ਦੀ ਹੱਤਿਆ ਕੀਤੇ ਜਾਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਜੂ ਪਹਿਲਾਂ ਆਤਮ ਪਾਰਕ ਨੇੜੇ ਕੰਮ ਕਰਦਾ ਸੀ ਪਰ ਹੁਣ ਉਹ ਨਵੀਂ ਜਗ੍ਹਾ 'ਤੇ ਕੰਮ ਦੀ ਭਾਲ ਵਿਚ ਸੀ। ਸਵੇਰੇ ਉਹ ਕਰੀਬ 1.30 ਵਜੇ ਐਕਟਿਵਾ 'ਤੇ ਘਰੋਂ ਠੀਕ-ਠਾਕ ਨਿਕਲਿਆ ਸੀ। ਉਨ੍ਹਾਂ ਦੱਸਿਆ ਕਿ ਸੰਜੂ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ।


Related News