ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ; 1 ਫੱਟੜ
Sunday, Jul 29, 2018 - 12:44 AM (IST)
ਨੰਗਲ, (ਗੁਰਭਾਗ)- ਚੰਡੀਗਡ਼੍ਹ-ਊਨਾ ਮਾਰਗ ’ਤੇ ਪੈਂਦੇ ਪਿੰਡ ਬੰਦਲੈਹਡ਼ੀ ਨੇਡ਼ੇ ਬੱਸ ਤੇ ਮੋਟਰਸਾਈਕਲ ਦੀ ਆਹਮਣੇ-ਸਾਹਮਣੇ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਨਿਊ ਫਤਿਹਗਡ਼੍ਹ ਸਰਵਿਸ ਕੰਪਨੀ ਦੀ ਬੱਸ ਰੂਪਨਗਰ ਤੋਂ ਨੰਗਲ ਆ ਰਹੀ ਸੀ। ਜਦੋਂ ਬੱਸ ਪਿੰਡ ਬੰਦਲੈਹਡ਼ੀ ਪਾਸ ਪੁੱਜੀ ਤਾਂ ਨੰਗਲ ਵੱਲੋਂ ਅਨੰਦਪੁਰ ਸਾਹਿਬ ਵੱਲ ਆ ਰਹੇ ਮੋਟਰਸਾਈਕਲ ਸਵਾਰਾਂ ’ਚ ਵੱਜੀ। ਇਸ ਦਰਦਨਾਕ ਸਡ਼ਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜ਼ਿਲਾ ਅੰਮ੍ਰਿਤਸਰ ਦੀ ਘਟਨਾ ਸਥਾਨ ’ਤੇ ਮੌਤ ਹੋ ਗਈ, ਜਦਕਿ ਰੈਵਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜ਼ਿਲਾ ਤਰਨਤਾਰਨ ਗੰਭੀਰ ਜ਼ਖਮੀ ਹੋ ਗਿਆ। ਇਹ ਨੌਜਵਾਨ ਵੱਖ-ਵੱਖ ਧਾਰਮਕ ਥਾਵਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ। ਮੁੱਢਲੀ ਸਹਾਇਤਾ ਲਈ ਜ਼ਖਮੀ ਨੂੰ ਨੰਗਲ ਦੇ ਬੀ. ਬੀ. ਐੱਮ. ਬੀ. ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਨੰਗਲ ਪੁਲਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਰਾਈਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ।
