ਪੰਜਾਬ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪਸਾਰੇ ਪੈਰ, ਹੁਸ਼ਿਆਰਪੁਰ ਦੀ ਇਕ ਮਹਿਲਾ ਦੀ ਮੌਤ, ਅਲਰਟ ਜਾਰੀ
Saturday, Dec 23, 2023 - 06:41 PM (IST)
ਜਲੰਧਰ/ਹੁਸ਼ਿਆਰਪੁਰ (ਅਮਰੀਕ)- ਪੰਜਾਬ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਪੈਰ ਪਸਾਰ ਰਿਹਾ ਹੈ। ਦਰਅਸਲ ਜਲੰਧਰ ਜ਼ਿਲ੍ਹੇ ਵਿੱਚ ਇਕ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੀ ਰਹਿਣ ਵਾਲੀ 60 ਸਾਲਾ ਔਰਤ ਵਜੋਂ ਹੋਈ ਹੈ, ਜੋਕਿ ਸਿਵਲ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਸੀ। ਦੱਸ ਦਈਏ ਕਿ ਬੀਤੇ ਦਿਨ ਸਟੇਟ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਕਿਹਾ ਸੀ ਕਿ ਜੇ. ਐੱਨ-1 ਵੈਰੀਐਂਟ ਦੇ 4 ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਮਹਿਲਾ ਦੀ ਮੌਤ ਹੋਣ ਮਗਰੋਂ ਅੱਜ ਸਿਵਲ ਹਸਪਤਾਲ ਵਿੱਚ ਬਣੇ ਕੋਰੋਨਾ ਵਾਰਡ ਦਾ ਦੌਰਾ ਕੀਤਾ ਗਿਆ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਲਾਕ ਭੁੰਗਾ ਦੇ ਇਕ ਪਿੰਡ ਵਿੱਚ ਕੋਰੋਨਾ ਨਾਲ ਹੋਈ ਇਕ ਮਹਿਲਾ ਦੀ ਮੌਤ ਮਗਰੋਂ ਸਿਵਲ ਹਸਪਤਾਲ ਦੀ ਪੂਰੀ ਟੀਮ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਪੱਬਾ ਭਾਰ ਨਜ਼ਰ ਆਈ। ਇਸ ਮੌਕੇ 'ਤੇ ਸੀ. ਐੱਮ. ਓ. ਡਾਕਟਰ ਸਵਾਤੀ ਦੱਸਿਆ ਕਿ ਕੋਰੋਨਾ ਨਾਲ ਨਜਿੱਠਣ ਲਈ ਉਨ੍ਹਾਂ ਦੇ ਕੋਲ ਪੂਰੇ ਪ੍ਰਬੰਧ ਹਨ ਅਤੇ ਜੇਕਰ ਆਕਸੀਜਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਆਕਸੀਜਨ ਦੀ ਕਮੀ ਕਾਰਨ ਬਹੁਤ ਦਿੱਕਤ ਆਈ ਸੀ, ਉਸ ਨੂੰ ਵੀ ਇਸ ਵੇਲੇ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। ਜੇਕਰ ਕੋਰੋਨਾ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਕੋਰੋਨਾ ਮਰੀਜ਼ਾਂ ਲਈ 10 ਬੈੱਡ ਉਨ੍ਹਾਂ ਦੇ ਕੋਲ ਪੂਰੀ ਤਰ੍ਹਾਂ ਤਿਆਰ ਹਨ। ਜੇਕਰ ਕੋਰੋਨਾ ਜ਼ਿਆਦਾ ਪੈਰ ਪਸਾਰਦਾ ਹੈ ਤਾਂ ਹੋਰ ਪੂਰੇ ਹਸਪਤਾਲ ਨੂੰ 200 ਬੈੱਡ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਰੋਨਾ ਲਾਗ ਦੀ ਬੀਮਾਰੀ ਦੇ ਲੱਛਣ ਹੁੰਦੇ ਹਨ ਤਾਂ ਉਸ ਨਾਲ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਸਿਵਲ ਹਸਪਤਾਲ ਆ ਕੇ ਉਹ ਆਪਣਾ ਕੋਰੋਨਾ ਚੈੱਕਅਪ ਕਰਵਾਓ ਤਾਂ ਜੋ ਉਸ ਦਾ ਇਲਾਜ ਸਮੇਂ ਸਿਰ ਹੋ ਸਕੇ।
ਇਹ ਵੀ ਪੜ੍ਹੋ : ਲੋਕਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਵੱਡਾ ਬਿਆਨ
ਸੂਬੇ 'ਚ ਇਕ ਵਾਰ ਫਿਰ ਕੋਰੋਨਾ ਦੇ ਨਵੇਂ ਵੇਰੀਐਂਟ ਜੇ. ਐੱਨ.-1 ਦੇ ਮਾਮਲੇ ਸਾਹਮਣੇ ਆਉਣ ‘ਤੇ ਸਿਹਤ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਸੂਬੇ ਦੀ ਸਿਹਤ ਪਰਿਵਾਰ ਭਲਾਈ ਵਿਭਾਗ ਦੀ ਨਿਰਦੇਸ਼ਕ ਡਾ. ਆਦਰਸ਼ਪਾਲ ਕੌਰ ਨੇ ਸਾਰੇ ਸਿਵਲ ਸਰਜਨਾਂ ਨੂੰ ਪੱਤਰ ਲਿਖ ਕੇ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਕੋਵਿਡ ਐਪ੍ਰੋਪ੍ਰੀਏਟ ਬਿਹੇਵੀਅਰ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਹੈ।
ਕੋਰੋਨਾ ਤੋਂ ਬਚਾਅ ਲਈ ਕੀ ਕਰੀਏ
ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੁਤਾਬਕ ਭੀੜ ਵਾਲੀ ਜਗ੍ਹਾ ’ਤੇ ਮਾਸਕ ਪਹਿਨ ਕੇ ਜਾਣਾ ਚਾਹੀਦਾ ਹੈ। ਡਾਕਟਰ, ਪੈਰਾਮੈਡੀਕਲ ਅਤੇ ਹੋਰ ਹੈਲਥ ਕੇਅਰ ਵਰਕਰਾਂ ਨੂੰ ਮਾਸਕ ਪਹਿਨ ਕੇ ਮਰੀਜ਼ ਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਕੋਵਿਡ ਤੋਂ ਬਚਾਅ ਸਬੰਧੀ ਨਿਯਮਾਂ ਦਾ ਪਾਲਣ ਕਰਨਾ ਉਨ੍ਹਾਂ ਦੇ ਲਈ ਜ਼ਰੂਰੀ ਹੋਵੇਗਾ।
ਖੰਘਦੇ ਅਤੇ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਪੇਪਰ ਦੀ ਵਰਤੋਂ ਕਰੋ।
ਟਿਸ਼ੂ ਪੇਪਰ ਨੂੰ ਵਰਤਣ ਤੋਂ ਬਾਅਦ ਬੰਦ ਡਸਟਬਿਨ ਵਿੱਚ ਸੁੱਟੋ।
ਹੱਥਾਂ ਨੂੰ ਵਾਰ-ਵਾਰ ਸਾਬਣ, ਪਾਣੀ ਜਾਂ ਅਲਕੋਹਲ ਬੇਸਡ ਸੈਨਿਟਾਈਜ਼ਰ ਨਾਲ ਸਾਫ਼ ਕਰੋ।
ਜੇਕਰ ਕਿਸ ਨੂੰ ਵਾਇਰਲ ਜਾਂ ਸਾਹ ਲੈਣ 'ਚ ਮੁਸ਼ਕਲ ਆ ਰਹੀ ਹੈ ਤਾਂ ਉਹ ਲੋਕਾਂ ਨੂੰ ਮਿਲਣਾ-ਜੁਲਣਾ ਬੰਦ ਕਰਕੇ ਖ਼ੁਦ ਨੂੰ ਆਈਸੋਲੇਟ ਕਰ ਲਵੇ।
ਬੁਖ਼ਾਰ, ਖਾਂਸੀ, ਸਾਹ ਲੈਣ 'ਚ ਮੁਸ਼ਕਲ ਆਵੇ ਤਾਂ ਡਾਕਟਰ ਨਾਲ ਸੰਪਰਕ ਕਰਨ।
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਸਹਿਤ ਸਬੰਧੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਨਹੀਂ ਜਾਣਾ ਚਾਹੀਦਾ ਅਤੇ ਅਜਿਹੀ ਜਗ੍ਹਾ ’ਤੇ ਨਹੀਂ ਬੈਠਣਾ ਚਾਹੀਦਾ, ਜਿੱਥੇ ਵੈਂਟੀਲੇਸ਼ਨ ਨਾ ਹੋਵੇ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸੁਰਖੀਆਂ 'ਚ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ, 2 ਕੈਦੀਆਂ ਨੇ ਕੀਤੀ ਖ਼ੁਦਕੁਸ਼ੀ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਕੀ ਨਾ ਕਰੀਏ
ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹੋ।
ਜਨਤਕ ਥਾਵਾਂ ‘ਤੇ ਨਾ ਥੁੱਕੋ।
ਬੁਖ਼ਾਰ ਜਾਂ ਕੋਵਿਡ ਦੇ ਲੱਛਣ ਸਾਹਮਣੇ ਆਉਣ ‘ਤੇ ਆਪਣਾ ਇਲਾਜ ਖ਼ੁਦ ਨਾ ਕਰੋ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਬੱਚੇ ਦੇ ਜਨਮ 'ਤੇ ਮਾਲੋ-ਮਾਲ ਹੋ ਜਾਂਦੇ ਨੇ ਮਾਪੇ, ਜਾਣੋ ਕੀ ਹੈ ਕਾਰਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।