ਦੁਬਈ ''ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ''ਚ ਮੌਤ
Friday, Apr 20, 2018 - 05:19 AM (IST)
ਗੜ੍ਹਦੀਵਾਲਾ, (ਜਤਿੰਦਰ)- ਨਜ਼ਦੀਕੀ ਪਿੰਡ ਰਾਣਾ ਦੇ ਇਕ ਨੌਜਵਾਨ ਦੀ ਦੁਬਈ ਵਿਚ ਭੇਤਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ਤੇ ਇਸ ਸਬੰਧ 'ਚ ਮ੍ਰਿਤਕ ਦੇ ਪਿਤਾ ਵਲੋਂ ਦੁਬਈ ਦੀ ਕੰਪਨੀ 'ਤੇ ਦੋਸ਼ ਲਾਏ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਰਾਣਾ ਦਾ ਸੰਦੀਪ ਸਿੰਘ (24) ਪੁੱਤਰ ਰਣਜੀਤ ਸਿੰਘ, ਜੋ ਕੁਝ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ ਜਿਥੇ ਉਹ ਇਕ ਕੰਪਨੀ ਵਿਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਕੰਪਨੀ ਵਲੋਂ ਉਸ ਨੂੰ ਆਪਣੀ ਭੈਣ ਦੇ ਵਿਆਹ ਲਈ ਛੁੱਟੀ ਨਾ ਦੇਣ ਕਾਰਨ ਪ੍ਰੇਸ਼ਾਨ ਰਹਿਣ ਕਾਰਨ ਬੀਤੀ 21 ਮਾਰਚ ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਦੇ ਅੱਜ ਪਿੰਡ ਵਿਖੇ ਪਹੁੰਚਣ 'ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਰਣਜੀਤ ਸਿੰਘ ਨੇ ਉਸ ਦੇ ਪੁੱਤਰ ਦੀ ਹੋਈ ਮੌਤ ਲਈ ਦੁਬਈ ਸਥਿਤ ਇਕ ਕੰਪਨੀ ਜਿਸ ਵਿਚ ਉਸ ਦਾ ਪੁੱਤਰ ਡਰਾਈਵਰ ਵਜੋਂ ਨੌਕਰੀ ਕਰਦਾ ਸੀ, ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 15 ਦਸੰਬਰ 2017 ਨੂੰ ਸੰਦੀਪ ਦੀ ਭੈਣ ਦਾ ਵਿਆਹ ਸੀ ਤੇ ਉਸ ਵਲੋਂ ਜਦੋਂ ਇਸ ਸਬੰਧੀ ਕੰਪਨੀ ਮਾਲਕਾਂ ਕੋਲੋਂ ਛੁੱਟੀ ਦੀ ਮੰਗ ਕੀਤੀ ਗਈ ਤਾਂ ਕੰਪਨੀ ਵਲੋਂ ਉਸ ਦਾ ਪਾਸਪੋਰਟ ਅਤੇ ਲਾਇਸੈਂਸ ਆਪਣੇ ਕਬਜ਼ੇ ਵਿਚ ਲੈ ਕੇ ਲੱਖਾਂ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਉਸ ਨੂੰ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਵੀ ਛੁੱਟੀ ਨਹੀਂ ਦਿੱਤੀ ਗਈ ਜਿਸ ਦੇ ਬਾਅਦ ਸੰਦੀਪ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਬੀਤੀ 21 ਮਾਰਚ ਨੂੰ ਉਸ ਦੀ ਮੌਤ ਹੋ ਗਈ ਜਿਸ ਬਾਰੇ ਉਸ ਦੇ ਦੋਸਤਾਂ ਵਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਲੇਕਿਨ ਸਬੰਧਤ ਕੰਪਨੀ ਨੇ ਸੰਦੀਪ ਦੀ ਮੌਤ ਬਾਰੇ ਪਰਿਵਾਰ ਨੂੰ ਕੋਈ ਸੂਚਨਾ ਨਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸੰਦੀਪ ਦੀ ਲਾਸ਼ ਭਾਰਤ ਲਿਆਉਣ ਲਈ ਕੰਪਨੀ ਨਾਲ ਸੰਪਰਕ ਕੀਤਾ ਤਾਂ ਕੰਪਨੀ ਵਲੋਂ ਬਜਾਏ ਕੋਈ ਹਮਦਰਦੀ ਪ੍ਰਗਟਾਉਣ ਦੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਤੇ ਇਸ ਸਬੰਧੀ ਉਨ੍ਹਾਂ ਭਾਰਤ ਸਰਕਾਰ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਇਕ ਪੱਤਰ ਲਿਖਿਆ ਪਰ ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਸਹਾਇਤਾ ਨਾਲ ਅੰਬੈਸੀ ਵਿਚ ਸੰਪਰਕ ਕਰ ਕੇ ਆਪਣੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਤੇ ਅੱਜ ਪਿੰਡ ਰਾਣਾ ਵਿਖੇ ਸੰਦੀਪ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਮ੍ਰਿਤਕ ਦੇ ਪਿਤਾ ਵਲੋਂ ਦਿੱਤੀ ਗਈ।
ਮ੍ਰਿਤਕ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਇਸ ਸਮੇਂ ਮ੍ਰਿਤਕ ਦੀ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।