ਜਲੰਧਰ: ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ, ਇੰਟਰਨੈਸ਼ਨਲ ਡਰੱਗ ਰੈਕੇਟ ਨਾਲ ਜੁੜੇ ਨੇ ਤਾਰ

Wednesday, May 15, 2024 - 06:34 PM (IST)

ਜਲੰਧਰ (ਜ. ਬ.)–ਵਡਾਲਾ ਚੌਂਕ ਵਿਚ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਇੰਟਰਨੈਸ਼ਨਲ ਡਰੱਗ ਰੈਕੇਟ ਲਈ ਕੋਰੀਅਰ ਦਾ ਕੰਮ ਕਰਨ ਵਾਲੇ ਗੋਪਾ ਦੀ ਅੰਮ੍ਰਿਤਸਰ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਗੋਪਾ ਨੇ ਸੋਮਵਾਰ ਦੇਰ ਰਾਤ ਦਮ ਤੋੜਿਆ, ਜਿਸ ਦੇ ਬਾਅਦ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ਵਿਚ ਅਣਪਛਾਤੀ ਲਾਸ਼ ਵਾਂਗ 72 ਘੰਟਿਆਂ ਲਈ ਰਖਵਾ ਦਿੱਤਾ ਹੈ।

ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਗੋਪਾ ਕੁਝ ਸਾਲ ਪਹਿਲਾਂ ਆਪਣੇ ਪਿਤਾ ਨਾਲ ਟਰੱਕ ਚਲਾਉਂਦਾ ਸੀ। ਉਹ ਅਕਸਰ ਆਪਣੇ ਪਿਤਾ ਵਾਂਗ 2019 ਤੋਂ ਪਹਿਲਾਂ ਟਰੱਕ ਵਿਚ ਸਾਮਾਨ ਲੈ ਕੇ ਪਾਕਿਸਤਾਨ ਜਾਂਦਾ ਹੁੰਦਾ ਸੀ ਅਤੇ ਵਾਪਸੀ ’ਤੇ ਲਿਆਂਦੇ ਜਾਣ ਵਾਲੇ ਸਾਮਾਨ ਵਿਚ ਹੈਰੋਇਨ ਦੀ ਖੇਪ ਲੁਕਾ ਕੇ ਅੰਮ੍ਰਿਤਸਰ ਲਿਆਉਂਦਾ ਹੁੰਦਾ ਸੀ। ਜੂਨ 2019 ਵਿਚ ਜਦੋਂ ਅਟਾਰੀ ਬਾਰਡਰ ਦੇ ਵਪਾਰ ਮਾਰਗ ਜ਼ਰੀਏ ਉਸ ਦਾ ਟਰੱਕ ਅੰਮ੍ਰਿਤਸਰ ਦੇ ਵਪਾਰੀ ਦਾ 600 ਬੋਰੀਆਂ ਲੂਣ ਲੈ ਕੇ ਆਇਆ ਤਾਂ ਜਲਦਬਾਜ਼ੀ ਦੇ ਚੱਕਰ ਵਿਚ ਕਸਟਮ ਵਿਭਾਗ ਨੂੰ ਸ਼ੱਕ ਹੋਇਆ ਅਤੇ ਬੋਰੀਆਂ ਦੇ ਹੇਠਾਂ ਲੁਕਾਈ 532 ਕਿਲੋ ਹੈਰੋਇਨ ਦੀ ਖੇਪ ਤੋਂ ਇਲਾਵਾ ਲਗਭਗ 50 ਕਿਲੋ ਹੋਰ ਡਰੱਗ ਵੀ ਮਿਲਿਆ ਸੀ। ਇਸ ਕੇਸ ਵਿਚ ਗੋਪਾ ਵਾਂਟੇਡ ਚੱਲ ਰਿਹਾ ਸੀ, ਜਦਕਿ ਉਸ ਤੋਂ ਬਾਅਦ ਵੀ ਅੰਮ੍ਰਿਤਸਰ ਪੁਲਸ ਨੇ ਗੋਪਾ ਦੀ ਪਾਕਿਸਤਾਨ ਤੋਂ ਮੰਗਵਾਈ 6 ਕਿਲੋ ਹੈਰੋਇਨ ਫੜੀ ਸੀ।

ਇਹ ਵੀ ਪੜ੍ਹੋ- 1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ: ਭਗਵੰਤ ਮਾਨ

6 ਕਿਲੋ ਹੈਰੋਇਨ ਸਮੇਤ ਉਸ ਦੇ 2 ਸਾਥੀ ਫੜੇ ਗਏ ਸਨ ਅਤੇ ਉਦੋਂ ਵੀ ਉਹ ਕਾਬੂ ਨਹੀਂ ਆਇਆ ਸੀ, ਜਿਸ ਤੋਂ ਬਾਅਦ ਹੁਣ ਗੋਪਾ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਬੇਨਕਾਬ ਕੀਤੇ ਇੰਟਰਨੈਸ਼ਨਲ ਡਰੱਗ ਰੈਕੇਟ ਲਈ ਕੋਰੀਅਰ ਦੇ ਤੌਰ ’ਤੇ ਕੰਮ ਕਰਦਾ ਸੀ। ਉਸ ਦਾ ਜੀਜਾ ਵੀ ਉਸ ਨੂੰ ਹੈਰੋਇਨ ਪਹੁੰਚਾਉਣ ਦੀ ਲੋਕੇਸ਼ਨ ਦੱਸਦਾ ਸੀ। ਉਹ ਆਪਣੇ ਜੀਜੇ ਮਲਕੀਤ ਸਿੰਘ ਨਾਲ ਮਿਲ ਕੇ ਪਿਛਲੇ ਲਗਭਗ 7 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਦਾ ਧੰਦਾ ਕਰ ਰਿਹਾ ਸੀ, ਜੋ ਜੇ. ਐਂਡ ਕੇ. ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ ਸਪਲਾਈ ਪਹੁੰਚਾਉਂਦਾ ਸੀ।

ਸਾਫ਼ ਹੈ ਕਿ ਗੋਪਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਵਿਚ ਸਾਹਮਣੇ ਆਉਣ ਵਾਲੀ ਕੜੀ ਨੂੰ ਤੋੜਨ ਲਈ ਹੀ ਉਸ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਕਮਿਸ਼ਨਰੇਟ ਪੁਲਸ ਗੋਪਾ ਨੂੰ ਗੋਲ਼ੀ ਮਾਰਨ ਵਾਲੇ ਮੁਲਜ਼ਮ ਦੀ ਭਾਲ ਵਿਚ ਸੀ. ਸੀ. ਟੀ. ਵੀ. ਕੈਮਰੇ ਛਾਣ ਰਹੀ ਹੈ ਤਾਂ ਕਿ ਉਸ ਦੇ ਰੂਟ ਦਾ ਪਤਾ ਲੱਗ ਸਕੇ। ਅਜੇ ਤਕ ਇਹੀ ਪਤਾ ਲੱਗਾ ਹੈ ਕਿ ਮੁਲਜ਼ਮ ਕਿਸੇ ਦੇ ਨਾਲ ਬਾਈਕ ’ਤੇ ਬੈਠ ਕੇ ਫ਼ਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ- ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ

ਗੋਪਾ ਦੇ ਮੋਬਾਇਲ ਤੋਂ ਮਿਲ ਸਕਦੈ ਗੋਲ਼ੀ ਮਾਰਨ ਵਾਲਿਆਂ ਦਾ ਸੁਰਾਗ
ਪੁਲਸ ਨੇ ਗੋਪਾ ਦੀ ਮੌਤ ਤੋਂ ਬਾਅਦ ਉਸ ਦਾ ਮੋਬਾਇਲ ਆਪਣੇ ਕਬਜ਼ੇ ਵਿਚ ਲੈ ਕੇ ਉਸ ਦੀ ਕਾਲ ਡਿਟੇਲ ਛਾਣਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜਾਂਚ ਵਿਚ ਪਤਾ ਲੱਗਾ ਹੈ ਕਿ ਗੋਪਾ ਨੂੰ ਗੋਲ਼ੀ ਲੱਗਣ ਤੋਂ ਬਾਅਦ ਜਿਸ ਇੰਟਰਨੈਸ਼ਨਲ ਨੰਬਰ ਤੋਂ ਉਸ ਨੂੰ ਫੋਨ ਆਇਆ ਸੀ, ਉਹ ਬਲਵਿੰਦਰ ਕੌਰ ਦਾ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਪਾ ਨੂੰ ਫੋਨ ਕਰਨ ਤੋਂ ਬਾਅਦ ਉਹ ਨੰਬਰ ਬੰਦ ਹੋ ਗਿਆ ਸੀ। ਪੁਲਸ ਇਹ ਵੀ ਮੰਨ ਰਹੀ ਹੈ ਕਿ ਗੋਪਾ ਨੂੰ ਜਿਸ ਨੇ ਫੋਨ ਕੀਤਾ, ਉਹ ਇੰਟਰਨੈੱਟ ਜ਼ਰੀਏ ਚੱਲਣ ਵਾਲੇ ਮੋਬਾਇਲ ਨੰਬਰ ਦੀ ਵਰਤੋਂ ਕਰ ਰਿਹਾ ਹੋਵੇਗਾ। ਗੋਪਾ ਦੇ ਮੋਬਾਇਲ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਉਸ ਦੀ ਕਿਹੜੇ-ਕਿਹੜੇ ਲੋਕਾਂ ਨਾਲ ਗੱਲ ਹੋਈ ਸੀ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗੋਪਾ ਨੂੰ ਗੋਲ਼ੀ ਮਾਰਨ ਵਾਲੇ ਨੂੰ ਪਤਾ ਸੀ ਕਿ ਗੋਪਾ ਕਿਥੇ ਜਾ ਰਿਹਾ ਹੈ। ਕਾਫ਼ੀ ਸਮੇਂ ਤੋਂ ਉਹ ਵਿਅਕਤੀ ਗੋਪਾ ਦਾ ਪਿੱਛਾ ਕਰ ਰਿਹਾ ਸੀ ਅਤੇ ਫਿਰ ਮੌਕਾ ਵੇਖਦੇ ਹੀ ਉਸ ਨੂੰ ਗੋਲ਼ੀ ਮਾਰ ਕੇ ਬਾਈਕ ’ਤੇ ਬੱਸ ਦੇ ਪਿੱਛੇ ਆ ਰਹੇ ਆਪਣੇ ਸਾਥੀ ਨਾਲ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਸ਼ਰਮਨਾਕ! ਜਲੰਧਰ 'ਚ ਖੇਤਾਂ 'ਚੋਂ ਮਿਲੀ ਨਵਜੰਮੀ ਬੱਚੀ, ਹਾਲਤ ਵੇਖ ਪੁਲਸ ਵੀ ਹੋਈ ਹੈਰਾਨ, ਅੱਖ 'ਤੇ ਸੀ ਜ਼ਖ਼ਮ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News