ਗੁਰਦਿਆਂ ਦੀ ਬੀਮਾਰੀ ਨਾਲ ਪੀੜਤ ਵਿਅਕਤੀ ਦੀ ਹੋਈ ਮੌਤ, ਮੋਰਚਾ ਆਗੂਆਂ ਨੇ ਫੈਕਟਰੀ ਨੂੰ ਠਹਿਰਾਇਆ ਜ਼ਿੰਮੇਵਾਰ
Sunday, Jan 15, 2023 - 11:41 AM (IST)
ਜ਼ੀਰਾ (ਗੁਰਮੇਲ ਸੇਖਵਾਂ, ਅਕਾਲੀਆਂਵਾਲਾ, ਰਾਜੇਸ਼ ਢੰਡ) : ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਲੱਗਾ ਮੋਰਚਾ ਕੜਾਕੇ ਦੀ ਠੰਡ ਵਿਚ ਵੀ ਸ਼ਨੀਵਾਰ 174ਵੇਂ ਦਿਨ ਜਾਰੀ ਰਿਹਾ। ਜ਼ੀਰਾ ਦੇ ਪਿੰਡ ਰਟੋਲ ਰੋਹੀ ਦੇ ਕਿਸਾਨ ਬੂਟਾ ਸਿੰਘ ਪੁੱਤਰ ਗੁਰਚਰਨ ਸਿੰਘ ਜੋ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ, ਦੀ ਮੌਤ ਹੋਣ ’ਤੇ ਮੋਰਚਾ ਆਗੂਆਂ ਨੇ ਇਸ ਸ਼ਰਾਬ ਫੈਕਟਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੋਰਚਾ ਆਗੂ ਸਰਪੰਚ ਗੁਰਮੇਲ ਸਿੰਘ ਅਤੇ ਮੋਰਚੇ ਦੇ ਹੋਰ ਆਗੂਆਂ ਨੇ ਕਿਹਾ ਕਿ ਇਹ ਸ਼ਰਾਬ ਫੈਕਟਰੀ ਇਲਾਕੇ ’ਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ ਤੇ ਇਲਾਕੇ ’ਚ ਬਹੁਤ ਸਾਰੇ ਲੋਕ ਭਿਆਨਕ ਬੀਮਾਰੀਆਂ ਤੋਂ ਪੀੜਤ ਚੱਲ ਰਹੇ ਹਨ ਅਤੇ ਹੁਣ ਤੱਕ ਇਸ ਸ਼ਰਾਬ ਫੈਕਟਰੀ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਭਿਆਨਕ ਬੀਮਾਰੀਆਂ ਕਾਰਨ ਮੌਤਾਂ ਹੋ ਗਈਆਂ ਹਨ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਾਂਗਰਸ ਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਕੀਤਾ ਸਭ ਤੋਂ ਵੱਧ ਨੁਕਸਾਨ
ਮੋਰਚਾ ਆਗੂਆਂ ਨੇ ਮੀਟਿੰਗ ’ਚ ਲਏ ਫ਼ੈਸਲੇ ਅਨੁਸਾਰ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਧਰਨਾਕਾਰੀਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਲਈ 15 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਹਾਲੇ ਤੱਕ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਜੇਕਰ ਪਰਚੇ ਰੱਦ ਨਾ ਕੀਤੇ ਗਏ ਤਾਂ ਉਹ 16 ਜਨਵਰੀ ਨੂੰ ਸਮੂਹ ਕਿਸਾਨ ਅਤੇ ਹੋਰ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਗਲੀ ਰਣਨੀਤੀ ਤਿਆਰ ਕਰਨਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮ੍ਰਿਤਕ ਕਿਸਾਨ ਬੂਟਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਾਂਝੇ ਮੋਰਚੇ ਦੇ ਆਗੂ ਜਗਤਾਰ ਸਿੰਘ ਲੌਂਗੋਦੇਵਾ, ਕੁਲਦੀਪ ਸਿੰਘ, ਗੁਰਮੇਲ ਸਿੰਘ ਸਰਪੰਚ ਮਨਸੂਰਵਾਲ ਅਤੇ ਗੁਰਬਖਸ਼ ਸਿੰਘ ਨੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਕਿਸਾਨ ਯੂਨੀਅਨ ਅਤੇ ਸਾਂਝੇ ਮੋਰਚੇ ਦੇ ਝੰਡੇ ਲਪੇਟ ਕੇ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ- 2 ਬੱਚਿਆਂ ਦੇ ਪਿਓ ਨੇ ਕੀਤੀ ਸ਼ਰਮਨਾਕ ਕਰਤੂਤ, ਕੜਾਕੇ ਦੀ ਠੰਡ 'ਚ ਬੱਚਿਆਂ ਸਮੇਤ ਥਾਣੇ ਅੱਗੇ ਮਾਂ ਨੇ ਲਾਇਆ ਧਰਨਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।