ਟਿੱਪਰ ਦੀ ਲਪੇਟ 'ਚ ਆਉਣ ਨਾਲ ਮਾਂ ਦੀ ਮੌਤ, ਪੁੱਤ ਜ਼ਖਮੀ

09/23/2019 9:25:29 PM

ਲੁਧਿਆਣਾ, (ਜ.ਬ., ਰਾਮ)— ਸੈਕਟਰ-38 ਨਿਊ ਮੋਤੀ ਨਗਰ ਰੋਡ 'ਤੇ ਸਟੇਡੀਅਮ ਨੇੜੇ ਲੁੱਕ ਦੀ ਬਜਰੀ ਨਾਲ ਭਰੇ ਜਾ ਰਹੇ ਟਿੱਪਰ ਨੇ ਸੜਕ ਕਿਨਾਰੇ ਜਾ ਰਹੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਬੁਰੀ ਤਰ੍ਹਾਂ ਦਰੜਿਆ। ਜਾਣਕਾਰੀ ਮੁਤਾਬਕ ਟਿੱਪਰ ਦਾ ਅਗਲਾ ਟਾਇਰ ਔਰਤ ਉਪਰੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਮ੍ਰਿਤਕ ਦਾ ਪੁੱਤ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਮ੍ਰਿਤਕ ਦੇ ਰਿਸ਼ਤੇਦਾਰ ਨੇ ਕਿਹਾ ਕਿ ਗੁਰਮੀਤ ਸਿੰਘ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ।

PunjabKesari
ਗੁਰਮੀਤ ਸਿੰਘ ਨੇ ਕਿਹਾ ਕਿ ਉਹ ਮਾਂ ਨਾਲ ਐਕਟਿਵਾ 'ਤੇ ਸਟੇਡੀਅਮ ਨੇੜੇ ਆਪਣੀ ਸਾਈਡ ਜਾ ਰਿਹਾ ਸੀ, ਪਿਛੋਂ ਆਏ ਤੇਜ਼ ਰਫਤਾਰ ਟਿੱਪਰ ਚਾਲਕ ਨੇ (ਜੋ ਲੁੱਕ ਵਾਲੀ ਬਜਰੀ ਨਾਲ ਲੋਡ ਸੀ) ਐਕਟਿਵਾ 'ਚ ਜ਼ੋਰ ਨਾਲ ਟੱਕਰ ਮਾਰੀ, ਉਹ ਸੜਕ ਕਿਨਾਰੇ ਜਾ ਡਿੱਗਾ ਜਦਕਿ ਮਾਂ ਟਿੱਪਰ ਦੇ ਮੂਹਰਲੇ ਟਾਇਰ ਨੀਚੇ ਆ ਗਈ। ਟਿੱਪਰ ਚਾਲਕ ਨੇ ਤਾਂ ਵੀ ਟਿੱਪਰ ਰੋਕਿਆ ਨਹੀਂ ਉਸ ਦੀ ਮਾਂ ਨੂੰ ਘੜੀਸਦਾ ਹੋਇਆ ਲੈ ਗਿਆ। ਲੋਕਾਂ ਵੱਲੋਂ ਰੋਲਾ ਪਾਏ ਜਾਣ ਮਗਰੋਂ ਉਸ ਨੂੰ ਟਿੱਪਰ ਰੋਕਿਆ ਤੇ ਮੌਕੇ 'ਤੋਂ ਫਰਾਰ ਹੋ ਗਿਆ। ਲੋਕਾਂ ਨੇ ਉਸ ਨੂੰ ਕਿਸੇ ਤਰ੍ਹਾਂ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ। ਹਾਦਸੇ ਮਗਰੋਂ ਮੌਕੇ 'ਤੇ ਕਈ ਘੰਟੇ ਪੁਲਸ ਤੇ ਐਂਬੂਲੈਸ ਦੇ ਨਾ ਪਹੁੰਚਣ ਵਜੋਂ ਭੀੜ ਭੜਕ ਉੱਠੀ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ, ਰਿਸ਼ਤੇਦਾਰਾਂ ਹੋਰਨਾਂ ਮਿਲ ਕੇ ਧਰਨਾ ਲਗਾ ਟ੍ਰੈਫਿਕ ਜਾਮ ਕਰ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ।
ਮ੍ਰਿਤਕ ਦੇ ਜਵਾਈ ਗੁਰਪ੍ਰੀਤ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਕਲ ਨੂੰ ਉਸ ਦੇ ਪਿਤਾ ਦਾ ਭੋਗ ਹੈ ਤੇ ਅੱਜ ਇਸ ਹੋਏ ਹਾਦਸੇ ਨੇ ਉਨ੍ਹਾਂ ਦਾ ਲੱਕ ਭੰਨ ਕੇ ਰੱਖ ਦਿੱਤਾ। ਉਸ ਦੀ ਸੱਸ ਤੇ ਸਾਲਾ ਉਸ ਦੇ ਪਿਤਾ ਦਾ ਭੋਗ ਦਾ ਸਾਮਾਨ ਲੈਣ ਲਈ ਐਕਟਿਵਾ 'ਤੇ ਬਾਜ਼ਾਰ ਜਾ ਰਹੇ ਸੀ ਕਿ ਸੈਕਟਰ-38 ਸਟੇਡੀਅਮ ਨੇੜੇ ਹੋਏ ਹਾਦਸੇ ਨਾਲ ਸਾਰਾ ਪਰਿਵਾਰ ਸਦਮੇ 'ਚ ਹੈ। ਗੁਰਪ੍ਰੀਤ ਸਿੰਘ, ਮੰਜੀਤ ਸਿੰਘ ਨੇ ਕਿਹਾ ਕਿ ਘਰ 'ਚ ਇਕ ਮਗਰੋਂ ਇਕ ਹੋਈਆਂ ਮੌਤਾਂ ਨੇ ਕਹਿਰ ਬਰਪਾ ਸੁੱਟਿਆ ਹੈ।

PunjabKesari
ਜੀ. ਐੈੱਸ. ਟੋਹਰਾ, ਰਣਜੀਤ ਸਿੰਘ, ਮੰਜੀਤ ਸਿੰਘ, ਜਸਪ੍ਰੀਤ ਕੌਰ, ਅਮਰੀਕ ਸਿੰਘ ਹੋਰਨਾਂ ਕਿਹਾ ਕਿ ਹਾਈਵੇ 'ਤੇ ਸੜਕ ਧੱਸਣ ਕਰਕੇ ਜੋ ਰੂਟ ਪੁਲਸ ਪ੍ਰਸ਼ਾਸਨ ਵਲੋਂ ਡਾਈਵਰਟ ਕੀਤਾ ਹੈ ਜਿਵੇਂ ਕਿ ਮੈਟਰੋ ਰੋਡ, ਸੈਕਟਰ-38 ਸਟੇਡੀਅਮ ਮਲਹੋਤਰਾ ਚੌਕ, ਸੈਕਟਰ-39 ਰਾਮ ਦਰਬਾਰ ਮੰਦਿਰ, ਮੋਤੀ ਨਗਰ ਥਾਣਾ ਅਤੇ ਪੁਲਸ ਮੁਲਾਜ਼ਮਾਂ ਦੇ ਤਾਇਨਾਤ ਨਾ ਹੋਣ ਕਰਕੇ ਜਾਮ ਲਗਾ ਰਹਿੰਦਾ ਹੈ ਜੋ ਕਿ ਟ੍ਰੈਫਿਕ ਪੁਲਸ ਤੇ ਪੁਲਸ ਪ੍ਰਸ਼ਾਸਨ ਦੀ ਨਾਲਾਇਕੀ ਹੈ। ਲੋਕ ਰਾਤ ਨੂੰ ਰਸਤਾ ਭਟਕਦੇ ਰਹਿੰਦੇ ਹਨ । ਸ਼ਹਿਰ ਦੀਆਂ ਸੜਕਾਂ ਤੇ ਕੰਡਮ ਟਿੱਪਰ, ਟਰੱਕ, ਟਰਾਲੇ, ਟਰਾਲੀਆਂ, ਟੈਂਪੂ ਕਿਸ ਦੀ ਸ਼ਹਿ ਤੇ ਦੌੜ ਤੇ ਰਹੇ ਹਨ। ਜਾਂਚ ਦਾ ਵਿਸ਼ਾ ਹੈ। ਕੋਈ ਪੁੱਛਣ ਵਾਲਾ ਨਹੀਂ ਹੈ। ਇਹ ਹਾਦਸਾ ਵੀ ਤਾਂ ਹੀ ਵਾਪਰਿਆ ਹੈ।

ਪੁਲਸ ਨੇ ਟਿੱਪਰ ਤੇ ਚਾਲਕ ਨੂੰ ਕਾਬੂ ਕੀਤਾ
ਥਾਣਾ ਮੋਤੀ ਨਗਰ ਇੰਚਾਰਜ ਪ੍ਰਗਟ ਸਿੰਘ ਨੇ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਉਮਰ ਕਰੀਬ 45 ਸਾਲ ਜੋ ਕਿ ਐਲ.ਆਈ.ਜੀ. ਕਾਲੋਨੀ ਜਮਾਲਪੁਰ ਦੀ ਰਹਿਣ ਵਾਲੀ ਸੀ। ਐਕਟਿਵਾ ਤੇ ਆਪਣੇ ਪੁੱਤਰ ਗੁਰਮੀਤ ਸਿੰਘ ਨਾਲ ਬਾਜ਼ਾਰ ਸਮਾਨ ਲੈਣ ਜਾ ਰਹੀ ਸੀ ਕਿ ਸੈਕਟਰ -38 ਸਟੇਡੀਅਮ ਨੇੜੇ ਟਿੱਪਰ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰੀ ਜਿਸ ਕਰਕੇ ਮ੍ਰਿਤਕ ਟਿੱਪਰ ਨੀਚੇ ਆ ਗਈ ਤੇ ਮੌਤ ਹੋ ਗਈ ਜਦ ਕਿ ਉਸ ਦਾ ਬੇਟਾ ਹਾਦਸੇ 'ਚ ਬਚ ਗਿਆ। ਗੁਰਮੀਤ ਸਿੰਘ ਵਲੋਂ ਕਰਵਾਏ ਬਿਆਨਾਂ ਦੇ ਆਧਾਰ 'ਤੇ ਧਾਰਾ 304 ਏ, 279 ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਿੱਪਰ ਤੇ ਟਿੱਪਰ ਚਾਲਕ ਨੂੰ ਕਾਬੂ ਕਰ ਲਿ ਆ ਹੈ।


KamalJeet Singh

Content Editor

Related News