ਹੁਣ ਸ਼ਮਸ਼ਾਨਘਾਟਾਂ ਤੋਂ ਹੀ ਮਿਲੇਗਾ ‘ਡੈੱਥ ਸਰਟੀਫਿਕੇਟ', ਜਲੰਧਰ ਨਗਰ ਨਿਗਮ ਨੇ ਬਣਾਈ ਇਹ ਯੋਜਨਾ

Thursday, Mar 02, 2023 - 11:51 AM (IST)

ਜਲੰਧਰ (ਖੁਰਾਣਾ)–ਡੈੱਥ ਸਰਟੀਫਿਕੇਟ ਲਈ ਹੁਣ ਲੋਕਾਂ ਨੂੰ ਨਗਰ ਨਿਗਮ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਇਹ ਡੈੱਥ ਸਰਟੀਫਿਕੇਟ ਉਨ੍ਹਾਂ ਸ਼ਮਸ਼ਾਨਘਾਟਾਂ ਤੋਂ ਹੀ ਮਿਲ ਜਾਇਆ ਕਰੇਗਾ, ਜਿੱਥੇ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਹੋਵੇਗਾ।
ਫਿਲਹਾਲ ਇਹ ਸਹੂਲਤ ਸ਼ਹਿਰ ਦੇ 4 ਸ਼ਮਸ਼ਾਨਘਾਟਾਂ ਵਿਚ ਹੀ ਨਿਗਮ ਵੱਲੋਂ ਪ੍ਰਦਾਨ ਕੀਤੀ ਗਈ ਹੈ, ਜਿਨ੍ਹਾਂ ਵਿਚ ਕੋਟ ਕਿਸ਼ਨ ਚੰਦ (ਅੰਤਿਮ ਸਥਾਨ ਸਵਰਗ ਆਸ਼ਰਮ), ਮਾਡਲ ਟਾਊਨ ਸ਼ਮਸ਼ਾਨਘਾਟ, ਹਰਨਾਮਦਾਸਪੁਰਾ ਸ਼ਮਸ਼ਾਨ ਭੂਮੀ ਅਤੇ ਬੀ. ਐੱਸ. ਐੱਫ਼. ਚੌਂਕ ਨੇੜੇ ਅਮਰ ਬਾਗ ਸ਼ਮਸ਼ਾਨਘਾਟ ਸ਼ਾਮਲ ਹਨ। ਬਾਕੀਆਂ ਵਿਚ ਅਜਿਹੀ ਸਹੂਲਤ ਅਗਲੇ ਪੜਾਅ ਵਿਚ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਿਖੇ ਜੇਲ੍ਹ 'ਚ ਬੰਦ ਨੌਜਵਾਨ ਦਾ ਹੈਰਾਨੀਜਨਕ ਕਾਰਾ ਵੇਖ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਜ਼ਿਕਰਯੋਗ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਅੰਤਿਮ ਸੰਸਕਾਰ ਸੰਪੰਨ ਹੁੰਦਾ ਹੈ ਤਾਂ ਸਬੰਧਤ ਸ਼ਮਸ਼ਾਨਘਾਟ ਦੇ ਰਜਿਸਟਰ ਵਿਚ ਉਸ ਨਾਲ ਸੰਬੰਧਤ ਐਂਟਰੀ ਦਰਜ ਕੀਤੀ ਜਾਂਦੀ ਹੈ, ਜਿੱਥੇ ਮ੍ਰਿਤਕ ਅਤੇ ਐਂਟਰੀ ਕਰਵਾਉਣ ਵਾਲੇ ਦਾ ਆਧਾਰ ਕਾਰਡ ਵੀ ਲਿਆ ਜਾਂਦਾ ਹੈ ਅਤੇ ਲੱਕੜੀ ਆਦਿ ਦੇ ਖ਼ਰਚੇ ਦੀ ਪਰਚੀ ਦਿੱਤੀ ਜਾਂਦੀ ਹੈ। ਹੁਣ ਇਨ੍ਹਾਂ ਸ਼ਮਸ਼ਾਨਘਾਟਾਂ ਵਿਚ ਹੀ ਕੰਪਿਊਟਰ ਰਾਹੀਂ ਇਹ ਸਾਰੇ ਦਸਤਾਵੇਜ਼ ਉਸੇ ਸਮੇਂ ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ ’ਤੇ ਅਪਲੋਡ ਕਰ ਦਿੱਤੇ ਜਾਣਗੇ, ਜੋ ਆਨਲਾਈਨ ਢੰਗ ਨਾਲ ਹੀ ਨਿਗਮ ਅਧਿਕਾਰੀਆਂ ਜਾਂ ਰਜਿਸਟਰਾਰ ਕੋਲ ਪਹੁੰਚਣਗੇ, ਜੋ ਇਨ੍ਹਾਂ ਨੂੰ ਪਾਸ ਕਰਨਗੇ।

ਡੈੱਥ ਸਰਟੀਫਿਕੇਟ ਆਦਿ ਦੀ ਕਾਪੀ ਵੀ ਸ਼ਮਸ਼ਾਨਘਾਟ ਦੇ ਕੰਪਿਊਟਰ ਤੋਂ ਹੀ ਕੱਢੀ ਜਾ ਸਕੇਗੀ। ਇਸ ਦੇ ਲਈ ਕੰਪਿਊਟਰ ਅਤੇ ਹੋਰ ਸਾਧਨ ਤਾਂ ਸ਼ਮਸ਼ਾਨਘਾਟ ਸੰਚਾਲਿਤ ਕਰ ਰਹੀਆਂ ਕਮੇਟੀਆਂ ਦੇ ਹੀ ਹੋਣਗੇ ਪਰ ਇਸ ਨਾਲ ਸਬੰਧਤ ਸਟਾਫ਼ ਨੂੰ ਨਿਗਮ ਅਧਿਕਾਰੀਆਂ ਵੱਲੋਂ ਟਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਸਰਕਾਰੀ ਪੋਰਟਲ ’ਤੇ ਦਸਤਾਵੇਜ਼ ਅਪਲੋਡ ਕਰਨ ਲਈ ਲਾਗਇਨ ਵਰਗੀ ਪ੍ਰਕਿਰਿਆ ਲਈ ਇਜਾਜ਼ਤ ਚੰਡੀਗੜ੍ਹ ਤੋਂ ਮੰਗੀ ਜਾ ਚੁੱਕੀ ਅਤੇ 1-2 ਦਿਨ ਵਿਚ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਲੇਟ ਐਂਟਰੀ ਦੇ ਝੰਜਟ ਤੋਂ ਮੁਕਤੀ ਮਿਲੇਗੀ
ਨਿਗਮ ਕਮਿਸ਼ਨਰ ਦੇ ਰੂਪ ਵਿਚ ਜਦੋਂ ਨੌਜਵਾਨ ਆਈ. ਏ. ਐੱਸ. ਅਧਿਕਾਰੀ ਅਭਿਜੀਤ ਕਪਲਿਸ਼ ਨੇ ਕਮਾਨ ਸੰਭਾਲੀ ਸੀ ਤਾਂ ਉਨ੍ਹਾਂ ਨੇ ਨਿਗਮ ਵਿਚ ਆਉਣ ਵਾਲੇ ਲੋਕਾਂ ਦਾ ਇਕ ਫੀਡਬੈਕ ਪ੍ਰਾਪਤ ਕੀਤਾ ਸੀ, ਜਿੱਥੋਂ ਪਤਾ ਲੱਗਾ ਕਿ ਜ਼ਿਆਦਾਤਰ ਲੋਕ ਡੈੱਥ ਸਰਟੀਫਿਕੇਟ ਬਣਵਾਉਣ ਹੀ ਆਉਂਦੇ ਹਨ ਅਤੇ ਕਈ ਤਾਂ ਲੇਟ ਐਂਟਰੀ ਦੇ ਚੱਕਰ ਵਿਚ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ। ਹੁਣ ਜਦਕਿ ਸ਼ਮਸ਼ਾਨਘਾਟਾਂ ਵਿਚ ਹੀ ਡੈੱਥ ਸਰਟੀਫਿਕੇਟ ਸਬੰਧੀ ਐਂਟਰੀ ਹੋ ਜਾਇਆ ਕਰੇਗੀ, ਅਜਿਹੇ ਵਿਚ ਲੇਟ ਐਂਟਰੀ ਦੀ ਸੰਭਾਵਨਾ ਲਗਭਗ ਖ਼ਤਮ ਹੋ ਜਾਵੇਗੀ ਅਤੇ ਲੋਕਾਂ ਨੂੰ ਏਜੰਟਾਂ ਦੇ ਚੱਕਰ ਵਿਚ ਪੈ ਕੇ ਹਜ਼ਾਰਾਂ ਰੁਪਏ ਖ਼ਰਾਬ ਨਹੀਂ ਕਰਨੇ ਪੈਣਗੇ ਅਤੇ ਨਿਗਮ ਦੇ ਵਾਰ-ਵਾਰ ਚੱਕਰ ਵੀ ਨਹੀਂ ਲਗਾਉਣੇ ਹੋਣਗੇ।

ਇਹ ਵੀ ਪੜ੍ਹੋ : ਜਲੰਧਰ ’ਚ NRI ਦੀਆਂ ਵੱਢੀਆਂ ਸੀ ਉਂਗਲਾਂ, ਕਾਰਵਾਈ ਨਾ ਹੋਣ 'ਤੇ ਪ੍ਰਵਾਸੀ ਭਾਰਤੀਆਂ ਨੂੰ ਕੀਤੀ ਇਹ ਅਪੀਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News