ਮੈਨਹੋਲ ''ਚ ਉਤਰੇ ਮਜ਼ਦੂਰ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ

Wednesday, Mar 14, 2018 - 05:59 AM (IST)

ਲੁਧਿਆਣਾ(ਹਿਤੇਸ਼)– ਡਾਬਾ ਰੋਡ ਇਲਾਕੇ 'ਚ ਸੀਵਰੇਜ ਦੀ ਸਫਾਈ ਲਈ ਮੈਨਹੋਲ 'ਚ ਉਤਰੇ ਇਕ ਪ੍ਰਵਾਸੀ ਮਜ਼ਦੂਰ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋਣ ਦੀ ਖਬਰ ਹੈ। ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੀ ਓ. ਐਂਡ. ਐੱਮ. ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਾਬਾ ਰੋਡ ਦੀ ਗਲੀ ਨੰ. 3 'ਚ ਸਥਿਤ ਇਕ ਵਿਹੜੇ ਦਾ ਸੀਵਰੇਜ ਜਾਮ ਹੋਣ ਦੀ ਸਮੱਸਿਆ ਦਾ ਆਪਣੇ ਤੌਰ 'ਤੇ ਹੱਲ ਕਰਨ ਲਈ ਕੁੱਝ ਲੋਕਾਂ ਵੱਲੋਂ ਪਹਿਲਾਂ ਤਾਂ ਪਾਈਪ ਦੇ ਨਾਲ ਲਾਈਨ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਗੱਲ ਨਾ ਬਣੀ ਤਾਂ ਉਨ੍ਹਾਂ 'ਚੋਂ ਇਕ ਨੌਜਵਾਨ ਸੀਵਰੇਜ ਦਾ ਢੱਕਣ ਚੁੱਕ ਕੇ ਮੈਨਹੋਲ 'ਚ ਉਤਰ ਗਿਆ, ਜੋ ਬੇਸੁੱਧ ਹੋ ਕੇ ਹੇਠਾਂ ਜਾ ਡਿੱਗਾ। ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਜੇ. ਈ. ਕਮਲ ਨੇ ਮੈਨਹੋਲ ਦੇ ਅੰਦਰ ਜਾ ਕੇ ਨੌਜਵਾਨ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਲੈ ਕੇ ਗਿਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਪਛਾਣ ਮੂਲ-ਰੂਪ ਵਿਚ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਬਲਰਾਮ ਦੇ ਰੂਪ ਵਿਚ ਹੋਈ ਹੈ। ਜੋ ਪਹਿਲਾਂ ਇਸੇ ਵਿਹੜੇ 'ਚ ਰਹਿੰਦਾ ਸੀ। ਪੁਲਸ ਨੇ ਉਸ ਦੀ ਲਾਸ਼ ਦਾ ਪੋਸਟਮਾਟਰਮ ਕਰਵਾਉਣ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤੀ ਹੈ। ਇਸ ਮਾਮਲੇ ਵਿਚ ਨਗਰ ਨਿਗਮ ਅਧਿਕਾਰੀਆਂ ਨੇ ਵਿਹੜਾ ਮਾਲਕ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਸੀਵਰੇਜ ਜਾਮ ਹੋਣ ਬਾਰੇ ਓ. ਐਂਡ. ਐੱਮ. ਸੈੱਲ ਨੂੰ ਸੂਚਨਾ ਦੇਣ ਦੀ ਜਗ੍ਹਾ ਆਪਣੇ ਤੌਰ 'ਤੇ ਪ੍ਰਾਈਵੇਟ ਕਰਮਚਾਰੀ ਲਾ ਕੇ ਸਫਾਈ ਸ਼ੁਰੂ ਕਰਵਾ ਦਿੱਤੀ। ਨਿਗਮ ਅਧਿਕਾਰੀਆਂ ਨੇ ਆਪਣੀ ਸ਼ਿਕਾਇਤ 'ਚ ਵਿਹੜਾ ਮਾਲਕ 'ਤੇ ਦੋਸ਼ ਲਾਇਆ ਹੈ ਕਿ ਉਸ ਦੀ ਲਾਪ੍ਰਵਾਹੀ ਨਾਲ ਹੀ ਬਲਰਾਮ ਦੀ ਜਾਨ ਗਈ ਹੈ, ਜਿਸ 'ਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 


Related News