ਕਰਫਿਊ ਦੌਰਾਨ ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ''ਤੇ ਕੀਤਾ ਜਾਨਲੇਵਾ ਹਮਲਾ

Friday, Apr 10, 2020 - 09:19 PM (IST)

ਕਰਫਿਊ ਦੌਰਾਨ ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ''ਤੇ ਕੀਤਾ ਜਾਨਲੇਵਾ ਹਮਲਾ

ਰਾਜਪੁਰਾ, (ਨਿਰਦੋਸ਼, ਚਾਵਲਾ)— ਪਿੰਡ ਬਖਸ਼ੀਵਾਲਾ ਵਿਖੇ 7-8 ਵਿਅਕਤੀਆਂ ਨੇ ਗਸ਼ਤ ਕਰ ਰਹੇ 2 ਪੁਲਸ ਮੁਲਾਜ਼ਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਕੇ ਫੱਟੜ ਕਰ ਦਿੱਤਾ। ਸਦਰ ਪੁਲਸ ਨੇ ਏ. ਐੱਸ. ਆਈ. ਦੀ ਸ਼ਿਕਾਇਤ 'ਤੇ ਪਿੰਡ ਬਖਸ਼ੀਵਾਲਾ ਦੇ ਵਿਅਕਤੀਆਂ ਵਿਰੁੱਧ ਕੇਸ ਦਰਜ ਲਿਆ ਹੈ।
ਬਸੰਤਪੁਰਾ ਚੌਕੀ 'ਚ ਤਾਇਨਾਤ ਏ. ਐੱਸ. ਆਈ. ਗੁਰਦਿੱਤ ਸਿੰਘ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਕਰਫਿਊ ਦੌਰਾਨ ਉਹ ਹੋਮਗਾਰਡ ਦੇ ਜਵਾਨ ਭੁਪਿੰਦਰ ਸਿੰਘ ਸਮੇਤ ਮੋਟਰਸਾਈਕਲ 'ਤੇ ਪਿੰਡਾਂ 'ਚ ਗਸ਼ਤ ਕਰ ਰਹੇ ਸਨ। ਜਦੋਂ ਪਿੰਡ ਬਖਸ਼ੀਵਾਲਾ ਆਟਾ ਚੱਕੀ ਕੋਲ ਪਹੁੰਚੇ ਤਾਂ ਉੱਥੇ 7-8 ਵਿਅਕਤੀ ਤਲਵਾਰਾਂ ਤੇ ਡਾਂਗਾਂ ਲੈ ਕੇ ਖੜ੍ਹੇ ਸਨ। ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਕਰਫਿਊ ਲੱਗਾ ਹੋਇਆ ਹੈ ਤੇ ਉਹ ਆਪਣੇ ਘਰਾਂ ਨੂੰ ਜਾਣ। ਉਕਤ ਵਿਅਕਤੀ ਭੜਕ ਪਏ ਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਨੇ ਧੱਕਾ-ਮੁੱਕੀ ਕਰ ਕੇ ਮੁਲਾਜ਼ਮਾਂ ਦੀ ਵਰਦੀ ਵੀ ਪਾੜ ਦਿੱਤੀ ਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਕੇ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਪਿੰਡ ਬਖਸ਼ੀਵਾਲਾ ਵਾਸੀ ਬਲਜੀਤ ਸਿੰਘ ਉਰਫ਼ ਨਿੱਕਾ, ਲਵਪ੍ਰੀਤ ਸਿੰਘ, ਰਛਪਾਲ ਸਿੰਘ ਅਤੇ 4-5 ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


author

KamalJeet Singh

Content Editor

Related News