ਨਾਬਾਲਗਾ ਨੂੰ ਭਜਾਉਣ ਵਾਲੇ ਮੁਲਜ਼ਮ ਦੇ ਪੁਲਸ ਨੂੰ ਇਨਪੁਟ ਦੇਣ ''ਤੇ ਜਾਨਲੇਵਾ ਹਮਲਾ, ਗੁੱਟ ਵੱਢਿਆ

Sunday, Jul 05, 2020 - 01:03 PM (IST)

ਜਲੰਧਰ (ਵਰੁਣ)— ਖੁਰਲਾ ਕਿੰਗਰਾ ਨੇੜੇ ਸੈਰ ਕਰ ਰਹੇ 2 ਸਕੇ ਭਰਾਵਾਂ 'ਚੋਂ ਇਕ 'ਤੇ ਆਟੋ 'ਚ ਸਵਾਰ ਹੋ ਕੇ ਆਏ ਅੱਧਾ ਦਰਜਨ ਦੇ ਲਗਭਗ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਲੜਕੇ 'ਤੇ ਹਮਲਾ ਕੀਤਾ ਗਿਆ, ਉਸ ਦਾ ਕਸੂਰ ਇਹ ਸੀ ਕਿ ਇਲਾਕੇ 'ਚ ਹੀ ਰਹਿਣ ਵਾਲੇ ਨੌਜਵਾਨ ਕੁਝ ਸਮਾਂ ਪਹਿਲਾਂ ਹੁਸ਼ਿਆਰਪੁਰ ਦੇ ਮਾਹਲਪੁਰ ਇਲਾਕੇ ਤੋਂ ਇਕ ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਭਜਾ ਕੇ ਲੈ ਆਇਆ ਸੀ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕਰ ਰਹੀ ਹੁਸ਼ਿਆਰਪੁਰ ਪੁਲਸ ਨੂੰ ਉਹ ਇਨਪੁਟ ਦੇ ਰਿਹਾ ਸੀ। ਜਿਵੇਂ ਹੀ ਦੂਜੀ ਪਾਰਟੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਹਮਲਾ ਕਰਵਾ ਦਿੱਤਾ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਗੁੱਟ ਵੱਢ ਦਿੱਤਾ।

ਥਾਣਾ ਨੰਬਰ 7 'ਚ ਪੁਲਸ ਨੇ ਹਮਲਾਵਰ ਮੁਲਜ਼ਮਾਂ ਖਿਲਾਫ ਇਰਾਦਾ-ਏ-ਕਤਲ ਸਮੇਤ ਵੱਖ-ਵਖ ਧਾਰਾਵਾਂ ਅਧੀਨ ਐੱਫ. ਆਈ. ਆਰ. ਦਰਜ ਕਰਕੇ ਦੋ ਸਕੇ ਭਰਾਵਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕੰਟੀਨ ਚਲਾਉਣ ਵਾਲੇ ਓਮ ਪ੍ਰਕਾਸ਼ ਪੁੱਤਰ ਦੇਵਰਾਜ ਨਿਵਾਸੀ ਖੁਰਲਾ ਕਿੰਗਰਾ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ 10.30 ਵਜੇ ਦੇ ਲਗਭਗ ਉਹ ਆਪਣੇ ਛੋਟੇ ਭਰਾ ਸੰਜੀਵ ਨਾਲ ਸੈਰ ਕਰ ਰਿਹਾ ਸੀ। ਜਿਵੇਂ ਹੀ ਉਹ ਖੁਰਲਾ ਕਿੰਗਰਾ ਨੇੜੇ ਪਹੁੰਚੇ ਤਾਂ ਅਚਾਨਕ ਉਸ ਕੋਲ ਇਕ ਆਟੋ ਆ ਕੇ ਰੁਕਿਆ, ਜਿਸ 'ਚ ਸਵਾਰ ਗੌਰਵ ਦਾਦਰਾ ਉਰਫ ਗੋਪੀ, ਉਸ ਦੇ ਭਰਾ ਵਿਸ਼ਾਲ ਉਰਫ ਵਿੱਕੀ, ਸੁਨੀਲ ਉਰਫ ਬਬਲ, ਸੁਨੀਲ ਉਰਫ ਖੰਬਾ, ਪ੍ਰਿੰਸ ਸੁਮਨ ਅਤੇ ਜਸਪਾਲ ਸਾਰੇ ਨਿਵਾਸੀ ਖੁਰਲਾ ਕਿੰਗਰਾ ਸਮੇਤ ਉਸਦੇ ਭਰਾ ਸੰਜੀਵ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਦੋਸ਼ ਹਨ ਕਿ ਉਕਤ ਹਮਲਾਵਰਾਂ ਨੇ ਸੰਜੀਵ ਨੂੰ ਜਾਨ ਤੋਂ ਮਾਰਨ ਲਈ ਕਈ ਵਾਰ ਸਿਰ 'ਤੇ ਵਾਰ ਕਰਨੇ ਚਾਹੇ ਪਰ ਸੰਜੀਵ ਨੇ ਸਿਰ ਨੂੰ ਬਚਾਉਣ ਲਈ ਆਪਣੇ ਹੱਥ ਅੱਗੇ ਕਰ ਲਏ, ਜਿਸ ਕਾਰਣ ਉਸ ਦਾ ਗੁੱਟ ਕੱਟ ਹੋ ਗਿਆ। ਹਮਲਾਵਰਾਂ ਨੇ ਸੰਜੀਵ ਨੂੰ ਮਾਰਨ ਲਈ ਲਗਾਤਾਰ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ। ਭਰਾ ਨੂੰ ਬਚਾਉਣ ਲਈ ਓਮ ਪ੍ਰਕਾਸ਼ ਨੇ ਬਚਾਅ ਕਰਨਾ ਚਾਹਿਆ ਤਾਂ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਓਮ ਪ੍ਰਕਾਸ਼ ਵੱਲੋਂ ਰੌਲਾ ਪਾਉਣ 'ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਹਮਲਾਵਰ ਆਟੋ 'ਚ ਸਵਾਰ ਹੋ ਕੇ ਫਰਾਰ ਹੋ ਗਏ। ਹਮਲਾਵਰ ਭੱਜਦੇ ਹੋਏ ਸੰਜੀਵ ਦਾ ਪਰਸ ਵੀ ਲੈ ਗਏ, ਜਿਸ 'ਚ ਰੁਪਏ ਸਨ। ਜਲਦੀ-ਜਲਦੀ 'ਚ ਸੰਜੀਵ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।

ਥਾਣਾ ਨੰਬਰ 7 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਹੈ ਕਿ ਖੁਰਲਾ ਕਿੰਗਰਾ ਰਹਿਣ ਵਾਲਾ ਸਾਬੀ ਕੁਝ ਸਮਾਂ ਪਹਿਲਾਂ ਮਾਹਲਪੁਰ ਇਲਾਕੇ ਤੋਂ ਨਾਬਾਲਗ ਲੜਕੀ ਨੂੰ ਬਹਿਲਾ-ਫੁਸਲਾ ਕੇ ਭਜਾ ਲਿਆਇਆ ਸੀ। ਉਸ ਖ਼ਿਲਾਫ਼ ਮਾਹਲਪੁਰ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਮਾਹਲਪੁਰ ਥਾਣੇ ਦੀ ਪੁਲਸ ਜਦੋਂ ਵੀ ਸਾਬੀ ਨੂੰ ਗ੍ਰਿਫਤਾਰ ਕਰਨ ਆਉਂਦੀ ਤਾਂ ਸੰਜੀਵ ਸਾਬੀ ਬਾਰੇ ਪੁਲਸ ਨੂੰ ਇਨਪੁਟ ਪ੍ਰਦਾਨ ਕਰਦਾ ਸੀ। ਜਿਵੇਂ ਹੀ ਸਾਬੀ ਨੂੰ ਇਸ ਗੱਲ ਦਾ ਪਤਾ ਲੱਗਾ ਉਸ ਨੇ ਆਪਣੇ ਇਨ੍ਹਾਂ ਸਾਥੀਆਂ ਨਾਲ ਹਮਲਾ ਕਰ ਦਿੱਤਾ।

ਪੁਲਸ ਦੀ ਮੰਨੀਏ ਤਾਂ ਸਾਬੀ ਇਸ ਸਾਰੀ ਘਟਨਾ ਦਾ ਮਾਸਟਰਮਾਈਂਡ ਹੈ। ਪੁਲਸ ਨੇ ਓਮ ਪ੍ਰਕਾਸ਼ ਦੇ ਬਿਆਨਾਂ 'ਤੇ ਗੌਰਵ ਦਾਦਰਾ ਉਰਫ ਗੋਪੀ ਪੁੱਤਰ ਹੁਸਨ ਲਾਲ, ਉਸਦੇ ਭਰਾ ਵਿਸ਼ਾਲ ਦਾਦਰਾ ਉਰਫ ਵਿੱਕੀ, ਸੁਨੀਲ ਕੁਮਾਰ ਬਬਲੂ ਪੁੱਤਰ ਮੰਗਤ ਰਾਮ, ਸੁਨੀਲ ਉਰਫ ਖੰਬਾ ਪੁੱਤਰ ਰਮੇਸ਼ ਲਾਲ, ਪ੍ਰਿੰਸ ਸੁਮਨ ਅਤੇ ਜਸਪਾਲ ਪੁੱਤਰ ਬਚਨ ਦਾਸ ਸਾਰੇ ਵਾਸੀ ਖੁਰਲਾ ਕਿੰਗਰਾ ਖਿਲਾਫ ਕੇਸ ਦਰਜ ਕਰਕੇ ਗੌਰਵ ਉਰਫ ਗੋਪੀ, ਵਿਸ਼ਾਲ ਉਰਫ ਵਿੱਕੀ, ਸੁਨੀਲ ਉਰਫ ਬਬਲੂ ਅਤੇ ਸੁਨੀਲ ਉਰਫ ਖੰਬਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਹਮਲੇ ਵਿਚ ਵਰਤੀ ਗਈ ਬਾਈਕ ਅਤੇ ਆਟੋ ਸਮੇਤ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਫਰਾਰ ਮੁਲਜ਼ਮਾਂ ਦੀ ਭਾਲ ਵਿਚ ਪੁਲਸ ਵੱਲੋਂ ਰੇਡ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਫਰਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


shivani attri

Content Editor

Related News