ਸੈਂਟਰਲ GST ਦੀ ਪ੍ਰੀਵੈਂਟਿਵ ਵਿੰਗ ਟੀਮ ’ਤੇ ਛਾਪੇਮਾਰੀ ਦੌਰਾਨ ਜਾਨਲੇਵਾ ਹਮਲਾ, ਕਈ ਅਧਿਕਾਰੀ ਜ਼ਖ਼ਮੀ

08/12/2022 11:07:29 PM

ਲੁਧਿਆਣਾ (ਸੇਠੀ) : ਵਿਭਾਗੀ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਯਸ਼ ਪਾਲ ਮਹਿਤਾ ਉਰਫ਼ ਯੋਗੇਸ਼ ਨੇ ਆਈ.ਟੀ.ਸੀ. ਵਿੱਚ ਵੱਡਾ ਘਪਲਾ ਕੀਤਾ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਉਕਤ ਨੂੰ ਕਈ ਵਾਰ ਸੰਮਨ ਵੀ ਭੇਜੇ ਗਏ ਸਨ ਪਰ ਉਕਤ ਮੁਲਜ਼ਮ ਕਾਫੀ ਸਮੇਂ ਤੋਂ ਫਰਾਰ ਸੀ। ਇਸੇ ਤਹਿਤ ਵਿਭਾਗ ਨੂੰ ਆਪਣੇ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਉਕਤ ਰੱਖੜੀ ਮੌਕੇ ਸਥਾਨਕ ਦੁੱਗਰੀ ਬਸੰਤ ਐਵੀਨਿਊ ਸਥਿਤ ਉਨ੍ਹਾਂ ਦੇ ਘਰ ਆ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਕਾਰਵਾਈ ਕੀਤੀ, ਜਿਸ ਤੋਂ ਬਾਅਦ ਉਕਤ ਨੇ ਸਮਾਜ ਵਿਰੋਧੀ ਅਨਸਰਾਂ ਦੀ ਭੀੜ ਇਕੱਠੀ ਕਰਕੇ ਜੀ.ਐੱਸ.ਟੀ. ਅਧਿਕਾਰੀਆਂ 'ਤੇ ਪਥਰਾਅ ਕਰ ਦਿੱਤਾ। ਇਸ ਮਾਮਲੇ ਵਿੱਚ ਉਕਤ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ, ਜਿਸ ਤੋਂ ਬਾਅਦ ਵਿਭਾਗ ਵੱਲੋਂ ਐੱਫ.ਆਈ.ਆਰ. ਦਰਜ ਕੀਤੀ ਗਈ।

ਵਿਭਾਗੀ ਅਧਿਕਾਰੀਆਂ ਦੀਆਂ ਗੱਡੀਆਂ 'ਤੇ ਪਥਰਾਅ ਕਰਕੇ ਤੋੜੇ ਸ਼ੀਸ਼ੇ : ਰਾਕੇਸ਼

ਰੱਖੜੀ ਅਤੇ 15 ਅਗਸਤ (ਆਜ਼ਾਦੀ ਦਿਵਸ) ਦੇ ਕਾਰਨ ਪੁਲਸ ਫੋਰਸ ਬਹੁਤ ਘੱਟ ਸੀ, ਜਿਸ ਕਾਰਨ ਉਕਤ ਦੋਸ਼ੀ ਯੋਗੇਸ਼ ਨੇ ਸਮਾਜ ਵਿਰੋਧੀ ਅਨਸਰ ਇਕੱਠੇ ਕਰ ਲਏ, ਜਿਸ ਵਿੱਚ ਕਰੀਬ 200 ਤੋਂ 300 ਲੋਕਾਂ ਦੇ ਇਕ ਸਮੂਹ ਨੇ ਅਧਿਕਾਰੀਆਂ ਅਤੇ ਪੁਲਸ ਫੋਰਸ 'ਤੇ ਪਥਰਾਅ ਕੀਤਾ, ਜਿਸ 'ਚ ਐੱਸ. ਕਈ ਅਧਿਕਾਰੀ ਜ਼ਖਮੀ ਹੋ ਗਏ ਤੇ ਕਥਿਤ ਦੋਸ਼ੀ ਯੋਗੇਸ਼ ਮਹਿਤਾ ਭੱਜਣ 'ਚ ਕਾਮਯਾਬ ਹੋ ਗਿਆ।

ਖ਼ਬਰ ਇਹ ਵੀ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਮਿਲੀ ਬੱਚੀ ਦੀ ਲਾਸ਼ ਤਾਂ ਉਥੇ ਪੰਜਾਬ ਰਿਹਾ ਬੰਦ, ਪੜ੍ਹੋ TOP 10

ਪੰਜਾਬ ਦਾ ਸਭ ਤੋਂ ਵੱਡਾ ਜਾਅਲੀ ਬਿਲਿੰਗ ਤੇ ਆਈ.ਟੀ.ਸੀ. ਦਾ ਮਾਮਲਾ

ਉਕਤ 'ਤੇ ਕਈ ਫਰਜ਼ੀ ਫਰਮਾਂ ਚਲਾ ਕੇ ਲਗਭਗ 24 ਕਰੋੜ ਰੁਪਏ ਦੀ ਜਾਅਲੀ ਆਈ.ਟੀ.ਸੀ. ਆਪਣੇ ਪੁੱਤਰ ਰੋਹਿਤ ਮਹਿਤਾ ਨਾਲ ਮਿਲ ਕੇ ਪ੍ਰਾਪਤ ਕਰਨ ਦਾ ਦੋਸ਼ ਹੈ। ਦੱਸ ਦੇਈਏ ਕਿ ਇਹ ਕਾਰਵਾਈ ਜੀ.ਐੱਸ.ਟੀ. ਵਿਭਾਗ ਵੱਲੋਂ ਫਰਜ਼ੀ 'ਇਨਪੁਟ ਟੈਕਸ ਕ੍ਰੈਡਿਟ' ਦੇ ਮਾਮਲੇ ਤਹਿਤ ਕੀਤੀ ਗਈ ਹੈ, ਜਿਸ ਵਿੱਚ CGST ਦੇ ਐਂਟੀ-ਇਵੇਸ਼ਨ ਵਿੰਗ ਨੇ 2021 ਦੇ ਸ਼ੁਰੂ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਜਾਅਲੀ ਬਿਲਿੰਗ ਨੈੱਟਵਰਕ ਨੂੰ ਫੜਿਆ ਸੀ, ਜਿਸ ਤੋਂ ਬਾਅਦ ਵਿਭਾਗ ਦੁਆਰਾ ਇਸ ਮਾਮਲੇ ਨੂੰ ਪਰਤ ਦਰ ਪਰਤ ਹੱਲ ਕੀਤਾ ਗਿਆ ਸੀ ਤੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਿੱਚ ਪਹਿਲਾਂ ਵਿਭਾਗ ਨੇ 32 ਫਰਜ਼ੀ ਫਰਮਾਂ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਅਤੇ ਮੁਲਜ਼ਮ ਗੁਰਬਖਸ਼ ਲਾਲ ਉਰਫ ਹੈਪੀ ਨਾਗਪਾਲ ਨੂੰ ਗ੍ਰਿਫ਼ਤਾਰ ਕੀਤਾ, ਜੋ ਇਨ੍ਹਾਂ ਫਰਜ਼ੀ ਫਰਮਾਂ ਨੂੰ ਚਲਾਉਂਦਾ ਸੀ। ਇਨ੍ਹਾਂ 32 ਫਰਮਾਂ ਵੱਲੋਂ ਕਰੀਬ 427 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਕੀਤੀ ਗਈ, ਜਿਸ ਵਿੱਚ ਕਰੀਬ 65 ਕਰੋੜ ਦੀ ਜਾਅਲੀ ਆਈ.ਟੀ.ਸੀ. ਸ਼ਾਮਲ ਹੈ। ਇਸ ਪੂਰੇ ਮਾਮਲੇ ਵਿੱਚ ਹੈਪੀ ਨਾਗਪਾਲ ਦੀ ਮਦਦ ਉਸ ਦੇ 2 ਸਾਥੀ ਸੰਦੀਪ ਕੁਮਾਰ ਉਰਫ਼ ਪੁਰੀ ਉਰਫ਼ ਪੀ ਪੀ ਪੁੱਤਰ ਅਸ਼ੋਕ ਪੁਰੀ ਤੇ ਰਜਿੰਦਰ ਸਿੰਘ ਹਨ, ਜੋ ਕਿ ਇਨ੍ਹਾਂ 32 ਫਰਮਾਂ ਵਿੱਚ ਕਈ ਬੈਂਕਾਂ 'ਚ ਕੀਤੇ ਗਏ ਸਾਰੇ ਬੈਂਕਿੰਗ ਲੈਣ-ਦੇਣ ਵਿੱਚ ਹੈਪੀ ਨਾਗਪਾਲ ਦੇ ਮੁੱਖ ਸੰਚਾਲਕ ਵਜੋਂ ਕੰਮ ਕਰਦੇ ਸਨ, ਨਾਲ ਹੀ ਦੋਵਾਂ ਦੀ ਕਈ ਫਰਮਾਂ ਵਿੱਚ ਹਿੱਸੇਦਾਰੀ ਵੀ ਸੀ, ਨੂੰ ਵਿਭਾਗ ਨੇ 5 ਫਰਵਰੀ 2021 ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਸੁਖਬੀਰ ਤੇ ਹਰਸਿਮਰਤ ਬਾਦਲ ਦੀ ਬਾਬਾ ਬਕਾਲਾ ਜੋੜ ਮੇਲੇ 'ਚ ਗੈਰ-ਹਾਜ਼ਰੀ 'ਤੇ ਪਰਮਿੰਦਰ ਬਰਾੜ ਨੇ ਚੁੱਕੇ ਸਵਾਲ

ਰਾਜਿੰਦਰ ਸਿੰਘ ਨੇ ਆਪਣੇ ਨਾਂ 'ਤੇ 2 ਫਰਜ਼ੀ ਫਰਮਾਂ ਚਲਾਈਆਂ ਸਨ। ਉਸ ਨੇ 21 ਕਰੋੜ ਦੇ ਜਾਅਲੀ ਜੀ.ਐੱਸ.ਟੀ. ਬਿੱਲ ਜਾਰੀ ਕੀਤੇ ਸਨ, ਜਿਸ ਵਿੱਚ 4.28 ਕਰੋੜ ਦੇ ਜਾਅਲੀ ਆਈ.ਟੀ.ਸੀ. ਸ਼ਾਮਲ ਸਨ ਅਤੇ ਅਜਿਹੇ ਜਾਅਲੀ ਜੀ.ਐੱਸ.ਟੀ. ਬਿੱਲਾਂ ਰਾਹੀਂ ਉਕਤ ਨੇ 3.43 ਕਰੋੜ ਦੇ ਜਾਅਲੀ ਆਈ.ਟੀ.ਸੀ. ਦਾ ਲਾਭ ਉਠਾਇਆ ਸੀ। ਇਨ੍ਹਾਂ 2 ਜਾਅਲੀ ਫਰਮਾਂ ਨੂੰ ਚਲਾਉਣ ਅਤੇ ਨਿਯੰਤਰਿਤ ਕਰਨ ਤੋਂ ਇਲਾਵਾ ਉਹ ਹੈਪੀ ਨਾਗਪਾਲ ਦੁਆਰਾ ਨਿਯੰਤਰਿਤ ਅਤੇ ਸੰਚਾਲਿਤ 30 ਹੋਰ ਫਰਮਾਂ ਜਿਵੇਂ ਕਿ RTGS ਐਂਟਰੀਆਂ ਅਤੇ ਨਕਦ ਕਢਵਾਉਣਾ ਆਦਿ ਦਾ ਬੈਂਕਿੰਗ ਕੰਮ ਕਰਦਾ ਸੀ। ਇਸ ਨਾਲ ਗੁਰਬਖਸ਼ ਲਾਲ ਉਰਫ ਹੈਪੀ ਨਾਗਪਾਲ ਦੇ ਇਕ ਹੋਰ ਸਾਥੀ ਸੰਦੀਪ ਕੁਮਾਰ ਉਰਫ ਪੁਰੀ ਉਰਫ ਪੀ ਪੀ ਨੇ ਵੱਖ-ਵੱਖ ਵਿਅਕਤੀਆਂ ਦੇ ਆਈ.ਡੀ. ਪਰੂਫ ਦੇ ਆਧਾਰ 'ਤੇ ਫਰਜ਼ੀ ਫਰਮ ਬਣਾ ਕੇ ਗੁਰਬਖਸ਼ ਲਾਲ ਉਰਫ ਹੈਪੀ ਨਾਗਪਾਲ ਨੂੰ ਇਨ੍ਹਾਂ ਫਰਜ਼ੀ ਅਦਾਰਿਆਂ ਦੀ ਜੀ.ਐੱਸ.ਟੀ. ਰਜਿਸਟ੍ਰੇਸ਼ਨ ਵੇਰਵੇ ਦੇ ਦਿੱਤੇ। ਇਸ ਦੇ ਨਾਲ ਹੀ ਗੁਰਦੀਪ ਲਾਲ ਉਰਫ ਹੈਪੀ ਨਾਗਪਾਲ ਦੀ ਨਿਗਰਾਨੀ ਹੇਠ ਸੰਦੀਪ ਕੁਮਾਰ ਖੁਦ 5 ਅਜਿਹੀਆਂ ਫਰਜ਼ੀ ਫਰਮਾਂ ਚਲਾ ਰਿਹਾ ਸੀ, ਜਿਸ ਲਈ ਉਹ ਹੈਪੀ ਨਾਗਪਾਲ ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਂਦਾ ਸੀ। ਇਨ੍ਹਾਂ 5 ਫਰਮਾਂ ਤੋਂ ਇਲਾਵਾ ਉਸ ਨੇ ਰਾਜਿੰਦਰ ਸਿੰਘ ਵਰਗੀਆਂ ਹੈਪੀ ਨਾਗਪਾਲ ਦੁਆਰਾ ਨਿਯੰਤਰਿਤ ਅਤੇ ਸੰਚਾਲਿਤ 32 ਫਰਮਾਂ ਦੇ ਸਬੰਧ 'ਚ ਬੈਂਕਿੰਗ ਦੇ ਕੰਮ ਵਿੱਚ ਸਹਾਇਤਾ ਕੀਤੀ।

ਇਹ ਵੀ ਪੜ੍ਹੋ : ਪਹਿਲੀ ਵਾਰ 1 ਸਤੰਬਰ ਤੋਂ 51 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ : CM ਮਾਨ

ਜਿਸ ਤੋਂ ਬਾਅਦ ਮਹਾਨਗਰ ਦੇ ਮਸ਼ਹੂਰ ਕਾਰੋਬਾਰੀ ਰੋਹਿਤ ਮਹਿਤਾ ਨੂੰ ਵੀ ਸਤੰਬਰ ’ਚ ਇਸੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਸਟਰਮਾਈਂਡ ਹੈਪੀ ਨਾਗਪਾਲ ਦੇ ਸਾਥੀ ਰੋਹਿਤ ਮਹਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਹੁਤ ਹੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਰੋਹਿਤ ਮਹਿਤਾ 5 ਤੋਂ ਵੱਧ ਫਰਜ਼ੀ ਫਰਮਾਂ ਵਿਚ ਸ਼ਾਮਲ ਸੀ, ਜਿੱਥੇ ਉਹ ਕੁਝ ਫਰਮਾਂ ਦਾ ਡਾਇਰੈਕਟਰ, ਪਾਰਟਨਰ ਅਤੇ ਪ੍ਰੋਪਰਾਈਟਰ ਵੀ ਸੀ, ਇਹੀ ਨਹੀਂ, ਪਰਿਵਾਰ ਦੇ ਮੈਂਬਰਾਂ ਦੇ ਨਾਂ ’ਤੇ ਕਈ ਫਰਜ਼ੀ ਫਰਮਾਂ ਵੀ ਖੋਲ੍ਹੀਆਂ ਗਈਆਂ ਸਨ। ਇਨ੍ਹਾਂ ਫਰਮਾਂ ਤੋਂ ਰੋਹਿਤ ਨੇ 7.5 ਕਰੋੜ ਦੇ ਲੱਗਭਗ ITC ਇਨਪੁੱਟ ਟੈਕਸ ਕ੍ਰੈਡਿਟ ਦਾ ਲਾਭ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਰੋਹਿਤ ਮਹਿਤਾ ਦੀ ਇਕ ਐਕਸਪੋਰਟ ਫਰਮ ਵੀ ਹੈ, ਜਿਸ ਵਿਚ ਦੁਬਈ ਅਤੇ ਯੁਗਾਂਡਾ ’ਚ ਸਕੈਫ ਫੋਲਡਿੰਗ ’ਚ ਡੀਲ ਕਰਦਾ ਸੀ। ਜਿੱਥੇ ਰੋਹਿਤ ਮੁੱਖ ਦੋਸ਼ੀ ਹੈਪੀ ਨਾਗਪਾਲ ਤੋਂ ਫਰਜ਼ੀ ਬਿਲਿੰਗ ਲੈ ਕੇ ਐਕਸਪੋਰਟ ਫਰਮ ਤੋਂ ਫਰਜ਼ੀ ਆਈ. ਟੀ. ਸੀ. ਰਿਫੰਡ ਲੈਂਦਾ ਸੀ। ਇਸ ਤੋਂ ਬਾਅਦ ਵਿਭਾਗ ਮਾਮਲੇ ਦੀ ਜਾਂਚ 'ਚ ਜੁੱਟ ਗਿਆ ਅਤੇ ਦਸੰਬਰ 2021 ਨੂੰ ਇਕ ਹੋਰ ਦੋਸ਼ੀ ਸੁਕਿਰਨ ਤੇਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਦੋਸ਼ੀ ਨੇ ਦੋ ਜਾਅਲੀ ਫਰਮਾਂ ਬੀ.ਐੱਸ. ਇੰਡਸਟਰੀਜ਼ ਅਤੇ ਆਈ.ਐੱਨ. ਇੰਟਰਨੈਸ਼ਨਲ ਰਾਹੀਂ ਜਾਅਲੀ ਬਿਲਿੰਗ ਕਰਕੇ 6.25 ਕਰੋੜ ਦਾ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ ਦਾ ਲਾਭ ਚੁੱਕਿਆ ਸੀ। ਜਿਸ ਤੋਂ ਬਾਅਦ ਹੁਣ 24 ਕਰੋੜ ਦਾ ਆਈ. ਟੀ. ਸੀ. ਦਾ ਲਾਭ ਲੈ ਚੁੱਕੇ ਰੋਹਿਤ ਮਹਿਤਾ ਦੇ ਪਿਤਾ ਯੋਗੇਸ਼ ਮਹਿਤਾ ਦੇ ਘਰ ਅਧਿਕਾਰੀ ਪਹੁੰਚੇ ਤਾਂ ਉਕਤ ਅਧਿਕਾਰੀਆਂ ’ਤੇ ਹਮਲਾ ਕਰਕੇ ਭੱਜ ਗਿਆ।

ਇਸ ਮਾਮਲੇ ’ਚ ਕੁਲ 7 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ

ਦੱਸ ਦੇਈਏ ਕਿ ਇਹ ਮਾਮਲਾ ਫਰਵਰੀ ਮਹੀਨੇ ਤੋਂ ਸ਼ੁਰੂ ਹੋਇਆ ਸੀ, ਜਿਥੇ 427 ਕਰੋੜ ਦੇ ਜਾਅਲੀ ਬਿਲਿੰਗ ਮਾਮਲੇ ’ਚ ਮਾਸਟਰ ਮਾਈਂਡ ਹੈਪੀ ਨਾਗਪਾਲ ਦੇ ਦੋ ਮੁੱਖ ਸਾਥੀ ਸੰਦੀਪ ਕੁਮਾਰ ਅਤੇ ਰਜਿੰਦਰ ਸਿੰਘ 5 ਫਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਸਨ, ਜਿਸ ਤੋਂ ਬਾਅਦ ਇਸ ਘਪਲੇ ਨੂੰ ਚਲਾਉਣ ਵਾਲੇ ਮਾਸਟਰ ਮਾਈਂਡ ਹੈਪੀ ਨਾਗਪਾਲ ਨੂੰ 23 ਸਤੰਬਰ ਨੂੰ ਹਿਰਾਸਤ ’ਚ ਲੈ ਲਿਆ ਗਿਆ, ਜਿਸ ਤੋਂ ਬਾਅਦ ਮਹਾਨਗਰ ਦੇ ਮਸ਼ਹੂਰ ਕਾਰੋਬਾਰੀ ਰੋਹਿਤ ਮਹਿਤਾ ਅਤੇ ਉਸ ਤੋਂ ਬਾਅਦ ਦੋ ਭਰਾਵਾਂ ਕੁਲਜੋਤ ਸਿੰਘ ਅਤੇ ਹਰਸਿਮਰਨਜੋਤ ਸਿੰਘ ਅਤੇ ਹੁਣ ਸੁਕਿਰਨ ਤੇਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ’ਚ ਹੁਣ ਤੱਕ 7 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News