ਜੇਲ 'ਚ ਕੱਪੜੇ ਧੁਆਉਣ ਦੀ ਰੰਜਿਸ਼ ਦਾ ਬਦਲਾ ਲੈਣ ਲਈ ਬਦਮਾਸ਼ ਨੇ ਕੀਤਾ ਇਹ ਕਾਰਾ
Wednesday, Jul 01, 2020 - 02:04 PM (IST)
ਜਲੰਧਰ (ਵਰੁਣ)— ਜੇਲ 'ਚ ਕੱਪੜੇ ਧੁਆਉਣ ਦੀ ਰੰਜਿਸ਼ ਦਾ ਬਦਲਾ ਲੈਣ ਲਈ ਭਾਰਗੋ ਕੈਂਪ ਦੇ ਬਦਮਾਸ਼ ਫਤਿਹ ਨੇ ਆਪਣੇ ਦੁਸ਼ਮਣ ਦੇ ਦੋਸਤ ਦੇ ਘਰ ਹਮਲਾ ਕਰ ਦਿੱਤਾ। ਦਰਅਸਲ ਫਤਿਹ ਨੇ ਆਪਣੇ ਦੁਸ਼ਮਣ ਆਕਾਸ਼ ਦੀ ਕਾਰ ਦੀ ਰੇਕੀ ਕਰਵਾਈ ਸੀ ਪਰ ਗੱਡੀ ਉਸ ਦਾ ਦੋਸਤ ਚਲਾ ਰਿਹਾ ਸੀ। ਆਕਾਸ਼ ਦੀ ਗੱਡੀ ਚਲਾਉਂਦੇ ਹੋਏ ਉਸ ਦਾ ਦੋਸਤ ਆਪਣੇ ਘਰ ਤੱਕ ਪਹੁੰਚ ਗਿਆ ਅਤੇ ਜਿਵੇਂ ਹੀ ਆਕਾਸ਼ ਦੀ ਗੱਡੀ ਅਮਰ ਨਗਰ 'ਚ ਪਹੁੰਚਣ ਦੇ ਇਨਪੁਟ ਮਿਲੇ ਤਾਂ ਫਤਿਹ ਨੇ ਉਥੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ।
ਇਸ ਮਾਮਲੇ ਸਬੰਧੀ ਥਾਣਾ ਨੰਬਰ 1 'ਚ ਫਤਿਹ, ਅਮਨ, ਟੀਨੂੰ, ਸਾਗਰ ਅਤੇ ਇਕ ਹੋਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ, ਹਾਲਾਂਕਿ ਗੈਰੀ ਸ਼ਿਵ ਸੈਨਾ ਨੇਤਰੀ ਦਾ ਬੇਟਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਗੈਰੀ ਪੁੱਤਰ ਯਸ਼ਪਾਲ ਨਿਵਾਸੀ ਅਮਰ ਨਗਰ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ ਰਾਤ ਉਹ ਆਪਣੇ ਦੋਸਤ ਦੇ ਨਾਲ ਘਰ ਦੇ ਬਾਹਰ ਗਲੀ 'ਚ ਖੜ੍ਹਾ ਸੀ। ਇਸ ਦੌਰਾਨ ਇਕ ਸਫਾਰੀ ਗੱਡੀ ਆਈ ਜੋ ਉਨ੍ਹਾਂ ਨੂੰ ਵੇਖ ਕੇ ਅੱਗੇ ਨਿਕਲ ਗਈ ਪਰ ਕੁਝ ਸਕਿੰਟਾਂ ਬਾਅਦ ਉਹ ਹੀ ਸਫਾਰੀ ਗੱਡੀ ਵਾਪਸ ਆ ਗਈ ਅਤੇ ਜਿਵੇਂ ਹੀ ਉਨ੍ਹਾਂ ਕੋਲ ਉਕਤ ਗੱਡੀ ਪਹੁੰਚੀ ਤਾਂ ਉਸ 'ਚੋਂ 4 ਹਥਿਆਰਬੰਦ ਨੌਜਵਾਨ ਉਤਰੇ, ਜਿਨ੍ਹਾਂ ਨੂੰ ਵੇਖ ਕੇ ਗੈਰੀ ਆਪਣੇ ਦੋਸਤ ਨਾਲ ਆਪਣੇ ਘਰ ਵੱਲ ਭੱਜਿਆ। ਸਫਾਰੀ 'ਚ ਇਕ ਨਕਾਬਪੋਸ਼ ਬੈਠਾ ਰਿਹਾ ਅਤੇ 4 ਨੌਜਵਾਨ ਹੱਥਾਂ 'ਚ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਪਿੱਛੇ ਭੱਜੇ।
ਉਨ੍ਹਾਂ ਨੌਜਵਾਨਾਂ ਨੇ ਗੈਰੀ ਦੇ ਘਰ 'ਚ ਵੜ ਕੇ ਭੰਨ-ਤੋੜ ਕੀਤੀ। ਦੋਸ਼ ਹੈ ਕਿ ਹਮਲਾਵਰ ਆਕਾਸ਼ ਦੀ ਗੱਡੀ ਦੀ ਰੇਕੀ ਕਰਵਾ ਰਹੇ ਸਨ। ਜਿਵੇਂ ਹੀ ਉਸ ਦੀ ਗੱਡੀ ਇਨ੍ਹਾਂ ਲੋਕਾਂ ਨੇ ਅਮਰ ਨਗਰ 'ਚ ਵੇਖੀ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ। ਜਦੋਂ ਇਸ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਸ ਨੂੰ ਮਿਲੀ ਤਾਂ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਥੇ ਹੀ ਪੀੜਤ ਨੇ ਪੁਲਸ ਨੂੰ ਸੀ. ਸੀ. ਟੀ.ਵੀ. ਕੈਮਰੇ ਦੀ ਫੁਟੇਜ ਵੀ ਦੇ ਦਿੱਤੀ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਭਾਰਗੋ ਕੈਂਪ ਦੇ ਫਤਿਹ, ਅਮਨ, ਟੀਨੂੰ ਅਤੇ ਸਾਗਰ ਸਮੇਤ ਇਕ ਅਣਜਾਣ ਵਿਅਕਤੀ 'ਤੇ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਆਕਾਸ਼ ਅਤੇ ਫਤਿਹ ਗਰੁੱਪ ਪਹਿਲਾਂ ਵੀ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਨ੍ਹਾਂ 'ਚ ਗੋਲੀ ਵੀ ਚੱਲ ਚੁੱਕੀ ਹੈ।
ਪੁਲਸ ਨੇ ਕਾਬੂ ਨਾ ਕੀਤਾ ਤਾਂ ਹੋ ਸਕਦੀ ਹੈ ਵੱਡੀ ਗੈਂਗਵਾਰ
ਫਤਿਹ ਅਤੇ ਆਕਾਸ਼ ਦੀ ਦੁਸ਼ਮਣੀ ਕਾਫੀ ਪੁਰਾਣੀ ਹੈ। ਫਤਿਹ ਦਾ ਲਗਾਤਾਰ ਆਕਾਸ਼ ਦੀ ਰੇਕੀ ਕਰਵਾਉਣਾ ਚਰਚਾ 'ਚ ਰਿਹਾ ਹੈ, ਜਦਕਿ ਇਸ ਤੋਂ ਪਹਿਲਾਂ ਪੁਲਸ ਕੋਲ ਵੀ ਇਸ ਗੱਲ ਦੇ ਇਨਪੁਟ ਸਨ ਕਿ ਫਤਿਹ ਆਕਾਸ਼ ਦੀ ਰੇਕੀ ਕਰਵਾ ਰਿਹਾ ਹੈ। ਇਸ ਦੇ ਬਾਵਜੂਦ ਫਤਿਹ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਜੇਕਰ ਪੁਲਸ ਨੇ ਹੁਣ ਵੀ ਦੋਵਾਂ ਨੂੰ ਨਹੀਂ ਰੋਕਿਆ ਤਾਂ ਵੱਡੀ ਗੈਂਗਵਾਰ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਫਤਿਹ ਕਾਫੀ ਚਲਾਕ ਬਦਮਾਸ਼ ਹੈ, ਜੋ ਸ਼ਰਾਬ ਵੇਚਣ ਦੇ ਨਾਲ-ਨਾਲ ਆਪਣਾ ਵਜੂਦ ਕਾਇਮ ਕਰਨ ਲਈ ਹਰ ਹੱਦ ਨੂੰ ਪਾਰ ਕਰ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਰਾਤ ਨੂੰ ਕਰਫਿਊ ਦੇ ਸਮੇਂ ਇਹ 5 ਲੋਕ ਸਫਾਰੀ 'ਚ ਸਵਾਰ ਹੋ ਕੇ ਜਾਂਦੇ ਹਨ, ਜਿਨ੍ਹਾਂ ਕੋਲ ਗੱਡੀ ਦੇ ਅੰਦਰ ਤੇਜ਼ਧਾਰ ਹਥਿਆਰ ਹੁੰਦੇ ਹਨ ਪਰ ਕਿਸੇ ਵੀ ਪੁਲਸ ਨਾਕੇ 'ਤੇ ਇਨ੍ਹਾਂ ਨੂੰ ਰੋਕਿਆ ਨਹੀਂ ਗਿਆ ਅਤੇ ਨਾ ਹੀ ਗੱਡੀ ਦੀ ਚੈਕਿੰਗ ਕੀਤੀ ਗਈ। ਇਸ ਤੋਂ ਸਾਫ ਹੈ ਕਿ ਪੁਲਸ ਰਾਤ ਸਮੇਂ ਸੁਰੱਖਿਆ ਦੇਣ ਵਿਚ ਅਸਫਲ ਸਾਬਿਤ ਹੋ ਰਹੀ ਹੈ।