ਘਰੋਂ ਬਿਨਾਂ ਦੱਸੇ ਗਏ ਨੌਜਵਾਨ ਦੀ ਰਜਬਾਹੇ ’ਚੋਂ ਲਾਸ਼ ਬਰਾਮਦ

Sunday, Jun 10, 2018 - 08:12 AM (IST)

 ਸ੍ਰੀ ਮੁਕਤਸਰ ਸਾਹਿਬ (ਪਵਨ) - ਭੁੱਲਰ ਕਾਲੋਨੀ ਦੇ  ਘਰੋਂ ਬਿਨਾਂ ਦੱਸੇ  ਗਏ  ਇਕ  ਨੌਜਵਾਨ ਦੀ  ਕੁਝ ਸਮੇਂ ਬਾਅਦ  ਰਜਬਾਹੇ ’ਚੋਂ ਲਾਸ਼ ਬਰਾਮਦ ਹੋਣ ਦਾ ਪਤਾ ਲੱਗਾ ਹੈ।  ਪੁਲਸ ਨੂੰ ਦਿੱਤੇ ਬਿਆਨਾਂ ’ਚ ਭੁੱਲਰ ਕਾਲੋਨੀ ਵਾਸੀ ਹਰੀ ਰਾਮ ਨੇ ਦੱਸਿਆ ਕਿ ਉਸ ਦੇ 4 ਲਡ਼ਕੇ ਅਤੇ ਇਕ ਲਡ਼ਕੀ ਹੈ। ਇਕ ਲਡ਼ਕੇ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਇਕ ਲਡ਼ਕਾ ਸੁਨੀਲ ਕੁਮਾਰ ਉਰਫ਼ ਨੀਲੂ, ਜਿਸ ਦਾ ਕਿ ਕਰੀਬ 4 ਸਾਲ ਪਹਿਲਾਂ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ ਸੀ ਅਤੇ  ਸ਼ਰਾਬ ਪੀਣ ਦਾ ਆਦੀ ਸੀ। ਹਰੀ ਰਾਮ ਅਨੁਸਾਰ ਸੁਨੀਲ ਕੁਮਾਰ ਅੱਜ ਬਾਅਦ ਦੁਪਹਿਰ ਘਰੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਅਤੇ ਬੀਤੀ ਰਾਤ ਕਰੀਬ ਪੌਣੇ 8 ਵਜੇ ਉਸ ਦਾ ਗੁਆਂਢੀ ਉਨ੍ਹਾਂ ਦੇ ਘਰ ਆਇਆ, ਜਿਸ ਦੀ  ਭੈਣ ਸ੍ਰੀ ਮੁਕਤਸਰ ਸਾਹਿਬ ਦੇ ਮੋਡ਼ ਰੋਡ ਸਥਿਤ ਰਜਬਾਹੇ ਦੇ ਪੁਲ ਕੋਲ ਵਿਆਹੀ ਹੈ, ਨੇ ਦੱਸਿਆ ਕਿ ਉਸ ਦੀ ਭੈਣ ਦਾ ਫੋਨ ਆਇਆ ਹੈ ਕਿ ਮੋਡ਼ਾਂ ਵਾਲੇ ਪੁਲ ਤੋਂ ਕੁਝ ਅੱਗੇ ਰਜਬਾਹੇ ’ਚੋਂ ਇਕ ਲਾਸ਼ ਮਿਲੀ  ਹੈ, ਜੋ ਕਿ ਸੁਨੀਲ ਕੁਮਾਰ ਦੀ ਹੈ। ਇਸ ਸਬੰਧੀ ਪਤਾ ਲੱਗਣ ’ਤੇ ਉਹ ਮੌਕੇ ’ਤੇ ਗਏ। ਹਰੀ ਰਾਮ ਅਨੁਸਾਰ  ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕਿਸੇ ’ਤੇ ਸ਼ੱਕ ਨਹੀਂ ਹੈ। ਪੁਲਸ ਨੇ ਹਰੀ ਰਾਮ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।


Related News