ਸਰਕਾਰੀ ਕਰਮਚਾਰੀਆਂ ਲਈ ਡੀ. ਸੀ. ਨੇ ਜਾਰੀ ਕੀਤੇ ਆਦੇਸ਼
Thursday, Sep 17, 2020 - 05:09 PM (IST)
ਅੰਮ੍ਰਿਤਸਰ (ਨੀਰਜ) : ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਲਗਾਤਾਰ ਵੱਧਦੀ ਜਾ ਰਹੀ ਗਿਣਤੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ। ਕੋਰੋਨਾ ਦੀ ਚੇਨ ਤੋੜਣ ਲਈ ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਹਰਾ ਨੇ ਇਕ ਆਦੇਸ਼ ਜਾਰੀ ਕਰਦੇ ਹੋਏ ਜ਼ਿਲ੍ਹੇ ਦੇ ਸਾਰੇ ਸਰਕਾਰੀ ਮਹਿਕਮਿਆਂ ਦੇ ਕਰਮਚਾਰੀਆਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ, ਬਕਾਇਦਾ ਸਾਰੇ ਸਰਕਾਰੀ ਮਹਿਕਮਿਆਂ ਤੋਂ ਇਸਦੀ ਲਿਖ਼ਤੀ ਰਿਪੋਰਟ ਵੀ ਮੰਗੀ ਹੈ। ਇਸ ਰਿਪੋਰਟ ਲਈ ਡੀ. ਸੀ. ਨੇ ਸਾਰੇ ਸਰਕਾਰੀ ਮਹਿਕਮਿਆਂ ਨੂੰ 25 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਕੋਰੋਨਾ ਟੈਸਟ ਕਰਵਾਉਣ ਦੀ ਸ਼ੁਰੂਆਤ ਡੀ. ਸੀ. ਨੇ ਆਪਣੇ ਤੋਂ ਹੀ ਸ਼ੁਰੂ ਕੀਤੀ ਸੀ ਅਤੇ ਅਜੇ ਕੁੱਝ ਦਿਨ ਪਹਿਲਾਂ ਹੀ ਸਿਹਤ ਮਹਿਕਮੇ ਦੀ ਮੋਬਾਇਲ ਵੈਨ 'ਚ ਆਪਣਾ ਟੈਸਟ ਕਰਵਾਇਆ ਸੀ ਜਿਸਦੇ ਬਾਅਦ ਏ. ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਵੀ ਆਪਣਾ ਟੈਸਟ ਕਰਵਾਇਆ। ਇਸਦੇ ਨਾਲ ਨਾਲ ਡੀ. ਸੀ. ਦਫ਼ਤਰ ਦੇ ਸਾਰੇ ਕਰਮਚਾਰੀਆਂ ਦੇ ਵੀ ਕੋਰੋਨਾ ਟੈਸਟ ਕਰਵਾਏ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਸੀ. ਨੇ ਦੱਸਿਆ ਕਿ ਸਰਕਾਰੀ ਮਹਿਕਮੇ 'ਚ ਆਮ ਲੋਕਾਂ ਦਾ ਆਣਾ ਜਾਣਾ ਲਗਾ ਰਹਿੰਦਾ ਹੈ ਅਤੇ ਕੁਝ ਮਹਿਕਮਿਆਂ 'ਚ ਤਾਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਕੰਮ ਕਰਵਾਉਣ ਸਬੰਧੀ ਆਉਂਦੇ ਹਨ, ਜੇਕਰ ਕਿਸੇ ਸਰਕਾਰੀ ਕਰਮਚਾਰੀ ਨੂੰ ਕੋਰੋਨਾ ਹੈ ਤਾਂ ਉਸ ਤੋਂ ਦਫਤਰ 'ਚ ਆਏ ਆਮ ਲੋਕਾਂ ਨੂੰ ਵੀ ਕੋਰੋਨਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਇਸ ਨਾਲ ਕੋਰੋਨਾ ਦੀ ਚੇਨ ਵੀ ਵੱਧਦੀ ਜਾਂਦੀ ਹੈ ਇਸ ਲਈ ਸਾਰੇ ਸਰਕਾਰੀ ਮਹਿਕਮਿਆਂ ਦੇ ਕਰਮਚਾਰੀਆਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਕਾਰੀ ਮਹਿਕਮਿਆਂ ਦੇ ਨਾਲ-ਨਾਲ ਡੀ. ਸੀ. ਨੇ ਵਪਾਰਿਕ ਐਸੋਸੀਏਸ਼ਨਾਂ ਤੋਂ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਐਸੋਸੀਏਸ਼ਨ ਦੇ ਮੈਬਰਾਂ ਅਤੇ ਕਰਮਚਾਰੀਆਂ ਦੇ ਟੈਸਟ ਕਰਵਾਉਣ ਲਈ ਅੱਗੇ ਆਉਣ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਣ 'ਚ ਪ੍ਰਸ਼ਾਸਨ ਦਾ ਸਹਿਯੋਗ ਕਰਨ ।
ਇਹ ਵੀ ਪੜ੍ਹੋ : ਬਟਾਲਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਕੌਮਾਂਤਰੀ ਸਮੱਗਲਰ 32 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
ਜ਼ਿਆਦਾਤਰ ਕਰਿਆਨਾ, ਦਵਾਈ, ਦੁੱਧ ਅਤੇ ਸਬਜ਼ੀ ਵਿਕਰੇਤਾਵਾਂ ਨੇ ਨਹੀਂ ਕਰਵਾਏ ਕੋਰੋਨਾ ਟੈਸਟ
ਕੋਰੋਨਾ ਸੰਕ੍ਰਮਣ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਤੋਂ ਸਾਰੇ ਰਾਜਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਜੋ ਦੁਕਾਨਦਾਰ ਜ਼ਰੂਰੀ ਵਸਤਾਂ ਜਿਵੇਂ ਕਿ ਰਾਸ਼ਨ, ਆਟਾ, ਦਵਾਈ, ਦੁੱਧ ਅਤੇ ਸਬਜ਼ੀ ਆਦਿ ਦੀ ਵਿਕਰੀ ਕਰਦੇ ਹਨ, ਉਨ੍ਹਾਂ ਦਾ ਕੋਰੋਨਾ ਟੈਸਟ ਜ਼ਰੂਰ ਕਰਵਾਇਆ ਜਾਵੇ ਕਿਉਂਕਿ ਦੁਕਾਨਦਾਰਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸੰਪਰਕ 'ਚ ਆਉਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੀ ਵਪਾਰਿਕ ਐਸੋਸੀਏੇਸ਼ਨਾਂ ਤੋਂ ਅਪੀਲ ਕਰ ਰਿਹਾ ਹੈ ਕਿ ਸਾਰੇ ਦੁਕਾਨਦਾਰ ਆਪਣਾ ਟੈਸਟ ਕਰਵਾਉਣ ਪਰ ਵਿਡੰਬਨਾ ਹੈ ਕਿ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਹੈ ।
ਕੋਰੋਨਾ ਟੈਸਟ ਕਰਨ ਵਾਲੀਆਂ ਟੀਮਾਂ 'ਤੇ ਲੋਕਾਂ ਦੇ ਹਮਲੇ ਚਿੰਤਾਜਨਕ
ਪ੍ਰਸ਼ਾਸਨ ਵਲੋਂ ਕੋਰੋਨਾ ਟੈਸਟ ਕਰਨ ਲਈ ਚਲਾਈ ਜਾ ਰਹੀ ਮੋਬਾਇਲ ਵੈਨਸ ਅਤੇ ਕੋਰੋਨਾ ਟੈਸਟ ਕਰਨ ਵਾਲੀ ਟੀਮਾਂ 'ਤੇ ਆਮ ਜਨਤਾ ਦੇ ਹਮਲੇ ਵੀ ਪ੍ਰਸ਼ਾਸਨ ਲਈ ਚਿੰਤਾਜਨਕ ਬਣੇ ਹੋਏ ਹਨ ਕਿਉਂਕਿ ਲੋਕ ਸਰਕਾਰ ਦੀ ਕਥਨੀ ਦੇ ਬਜਾਏ ਸੋਸ਼ਲ ਮੀਡੀਆ 'ਤੇ ਚੱਲਣ ਵਾਲੀ ਅਫਵਾਹਾਂ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ। ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਜਾਣ ਵਾਲੇ ਮਰੀਜ਼ਾਂ ਦੀ ਡਾਕਟਰ ਕਿਡਨੀਆਂ ਅਤੇ ਹੋਰ ਅੰਗ ਕੱਢ ਲੈਂਦੇ ਹਨ ਅਤੇ ਆਪਣੇ ਆਪ ਹੀ ਮਰੀਜ਼ਾਂ ਨੂੰ ਮਾਰ ਦਿੰਦੇ ਹਨ। ਕੋਰੋਨਾ ਕੋਈ ਰੋਗ ਨਹੀਂ ਸਗੋਂ ਇਕ ਸਾਜਿਸ਼ ਹੈ ਇਸ ਤਰ੍ਹਾਂ ਦੀਆਂ ਅਫਵਾਹਾਂ ਕੋਰੋਨਾ ਨੂੰ ਫੈਲਣ 'ਚ ਮਦਦ ਕਰ ਰਹੀਆਂ ਹਨ ਅਤੇ ਰੋਜ਼ਾਨਾ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਕੇਸ ਅਤੇ ਮੌਤਾਂ ਵੀ ਵੱਧਦੀ ਜਾ ਰਹੀ ਹਨ ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਪਰਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਰਕਾਰ ਦੀ ਵੱਡੀ ਕਾਰਵਾਈ
ਪ੍ਰਸ਼ਾਸਨ ਦੇ ਦਾਅਵੇ ਫੋਕੇ ਦਵਾਈ ਮਾਰਕੀਟ 'ਚ ਹਾਲਾਤ ਵਿਸਫੋਟਕ : ਰਾਜੇਸ਼ ਸੋਹੀ
ਇਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਜ਼ਿਲ੍ਹੇ ਦੀ ਵਪਾਰਿਕ ਸੰਸਥਾਵਾਂ ਦੇ ਨਾਲ ਮਿਲਕੇ ਵਪਾਰੀਆਂ ਦੇ ਟੈਸਟ ਕਰਵਾਏ ਜਾ ਰਹੇ ਹਨ ਪਰ ਪ੍ਰਸ਼ਾਸਨ ਦੇ ਇਹ ਦਾਅਵੇ ਫੋਕੇ ਨਜ਼ਰ ਆ ਰਹੇ ਹਨ । ਅੰਮ੍ਰਿਤਸਰ ਦੀ ਹੋਲ ਸੇਲ ਦਵਾਈ ਮਾਰਕੀਟ 'ਚ ਤਾਂ ਹਾਲਾਤ ਵਿਸਫੋਟਕ ਬਣੇ ਹੋਏ ਹਨ ਇਕ ਦੁਕਾਨਦਾਰ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ ਦੋ ਦਰਜਨ ਦੁਕਾਨਦਾਰ ਇਕਾਂਤਵਾਸ 'ਚ ਹਨ। ਦਵਾਈ ਮਾਰਕੀਟ ਦੇ ਪ੍ਰਧਾਨ ਰਾਜੇਸ਼ ਸੋਹੀ ਨੇ ਪ੍ਰਸ਼ਾਸਨ ਦੇ ਫੋਕੇ ਦਾਅਵਿਆਂ ਦੀ ਸੱਚਾਈ ਸਾਹਮਣੇ ਲਿਆਂਦੇ ਹੋਏ ਕਿਹਾ ਹੈ ਕਿ ਮਾਰਕੀਟ 'ਚ ਲਗਭਗ 600 ਦੁਕਾਨਦਾਰ ਹਨ ਅਤੇ ਉਨ੍ਹਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਕਰਮਚਾਰੀ ਵੀ ਕੰਮ ਕਰਦੇ ਹਨ ਪਰ ਇਸ ਮਾਰਕੀਟ 'ਚ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਵੀ ਟੀਮ ਸੈਂਪਲ ਲੈਣ ਲਈ ਨਹੀਂ ਭੇਜੀ ਹੈ ਜਦੋਂ ਕਿ ਮਾਰਕੀਟ ਪ੍ਰਸ਼ਾਸਨ ਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਮਾਰਕੀਟ ਵਿੱਚ ਕੋਰੋਨਾ ਟੈਸਟ ਕਰਵਾਉਣ ਲਈ ਕੈਂਪ ਲਗਾਇਆ ਜਾਵੇ ।
ਮੇਰੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਹੈ : ਐੱਸ. ਡੀ. ਐੱਮ
ਐੱਸ. ਡੀ. ਐੱਮ. ਅੰਮ੍ਰਿਤਸਰ ਵਨ ਵਿਕਾਸ ਹੀਰਾ ਨੇ ਇਸ ਸਬੰਧ ਵਿੱਚ ਦੱਸਿਆ ਕਿ ਉਨ੍ਹਾਂ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਹੈ ਜੇਕਰ ਕਿਸੇ ਨੇ ਸੰਪਰਕ ਕੀਤਾ ਹੁੰਦਾ ਤਾਂ ਦਵਾਈ ਮਾਰਕੀਟ 'ਚ ਕੋਰੋਨਾ ਟੈਸਟ ਸਬੰਧੀ ਕੈਂਪ ਜਰੂਰ ਲਗਾਇਆ ਜਾਂਦਾ। ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਛੇਤੀ ਹੀ ਉਚਿਤ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ : ਮੋਗਾ 'ਚ ਦਿਨਦਿਹਾੜੇ 10 ਸਾਲ ਦੇ ਬੱਚੇ ਨੂੰ ਕੀਤਾ ਕਿਡਨੈਪ, ਸ਼ਹਿਰ 'ਚ ਫੈਲੀ ਸਨਸਨੀ