ਪੈਟਰੋਲ ਪੰਪ ਵਿਖੇ ਦਿਨ-ਦਿਹਾੜੇ ਲੁੱਟ, 3 ਮੋਟਰਸਾਈਕਲ ਸਵਾਰ ਲੱਖਾਂ ਦੀ ਨਕਦੀ ਲੈ ਹੋਏ ਫਰਾਰ

Tuesday, May 25, 2021 - 08:02 PM (IST)

ਪੈਟਰੋਲ ਪੰਪ ਵਿਖੇ ਦਿਨ-ਦਿਹਾੜੇ ਲੁੱਟ, 3 ਮੋਟਰਸਾਈਕਲ ਸਵਾਰ ਲੱਖਾਂ ਦੀ ਨਕਦੀ ਲੈ ਹੋਏ ਫਰਾਰ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਬਧਾਈ ਵਿਖੇ ਪੈਟਰੋਲ ਪੰਪ 'ਤੇ ਦਿਨ-ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਪੈਟਰੋਲ ਪੰਪ ਦੇ ਮਾਲਕ ਸ਼ਲਿੰਦਰ ਕੁਮਾਰ ਨੇ ਦੱਸਿਆ ਕਿ ਉਸਨੂੰ ਪੰਪ ਦੇ ਮੁੱਖ ਕਰਮਚਾਰੀ ਦਾ ਫੋਨ ਆਇਆ ਕਿ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨ ਪੈਟਰੋਲ ਪੰਪ ਤੋਂ ਕਰੀਬ 1 ਲੱਖ 10 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਪੰਪ ਦੇ ਮੁੱਖ ਕਰਮਚਾਰੀ ਸੁਭਾਸ ਕੁਮਾਰ ਨੇ ਦੱਸਿਆ ਕਿ ਤਿੰਨ ਨੌਜਵਾਨ ਇਕ ਮੋਟਰਸਾਈਕਲ 'ਤੇ ਆਏ ਅਤੇ ਇਕ ਨੌਜਵਾਨ ਮੋਟਰਸਾਈਕਲ ਵਿਚ ਤੇਲ ਪਵਾਉਣ ਲੱਗਾ ਜਦਕਿ ਦੋ ਨੌਜਵਾਨ ਜਿਨ੍ਹਾਂ ਚੋਂ ਇਕ ਕੋਲ ਪਿਸਤੌਲ ਤੇ ਇਕ ਕੋਲ ਤੇਜ਼ਧਾਰ ਹਥਿਆਰ ਸੀ ਅੰਦਰ ਆਏ ਅਤੇ ਉਸਨੂੰ ਧਮਕਾ ਗਲੇ ਚੋਂ ਸਾਰੀ ਨਕਦੀ ਚੁੱਕ ਕੇ ਲੈ ਗਏ ਜੋ ਕਰੀਬ 1 ਲੱਖ 10 ਹਜ਼ਾਰ ਰੁਪਏ ਦੀ ਸੀ। 

PunjabKesari
ਇਹ ਸਾਰੀ ਘਟਨਾ ਸੀ.ਸੀ.ਟੀ ਵੀ ਕੈਮਰੇ 'ਚ ਕੈਦ ਹੋ ਗਈ। ਸੂਚਨਾ ਮਿਲਣ ਉਪਰੰਤ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ। ਥਾਣਾ ਸਦਰ ਐੱਸ.ਐੱਚ.ਓ ਬਿਸ਼ਨ ਲਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀ ਜਲਦ ਕਾਬੂ ਕਰ ਲਏ ਜਾਣਗੇ।


author

Bharat Thapa

Content Editor

Related News