ਮਹਿਲਾ ਅਫਸਰ ਨੂੰ ਧਮਕਾਉਣ ਦਾ ਮਾਮਲਾ: ਚੀਮਾ ਨੇ ਘੁਬਾਇਆ ''ਤੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ
Friday, Nov 16, 2018 - 10:18 AM (IST)

ਸੰਗਰੂਰ (ਪ੍ਰਿੰਸ)— ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਵਲੋਂ ਬੀਤੇ ਦਿਨ ਥਾਣਾ ਸਿਟੀ ਫਾਜ਼ਿਲਕਾ ਦੀ ਇੰਚਾਰਜ ਸਬ-ਇੰਸਪੈਕਟਰ ਲਵਮੀਤ ਕੌਰ ਨੂੰ ਧਮਕਾਉਣ ਦੀ ਆਡੀਓ ਵਾਇਰਲ ਹੋਣ 'ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਘਟਨਾਕ੍ਰਮ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਘੁਬਾਇਆ ਨੂੰ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਇਕ ਔਰਤ ਪੁਲਸ ਅਫਸਰ ਨੂੰ ਇੰਝ ਧਮਕਾਉਣਾ ਗਲਤ ਹੈ। ਅਜਿਹਾ ਲੱਗ ਰਿਹਾ ਹੈ, ਜਿਵੇਂ ਪੰਜਾਬ ਦੇ ਐੱਮ.ਐੱਲ.ਏ. ਖੁਦ ਪੁਲਸ ਅਫਸਰ ਹੋਣ। ਉਨ੍ਹਾਂ ਕਿਹਾ ਕਿ ਮੈਂ ਉਸ ਜ਼ਿਲੇ ਦੇ ਐੱਸ.ਐੱਸ.ਪੀ. ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਘੁਬਾਇਆ 'ਤੇ ਮਾਮਲਾ ਦਰਜ ਕੀਤਾ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਆਡੀਓ ਵਿਚ ਘੁਬਾਇਆ ਮੈਡਮ ਨੂੰ ਉਨ੍ਹਾਂ ਦੇ ਵਰਕਰਾਂ ਨੂੰ ਪਰੇਸ਼ਾਨ ਕਰਨ, ਉਨ੍ਹਾਂ ਦਾ ਫੋਨ ਨਾ ਸੁਣਨ ਅਤੇ ਕੰਮ ਨਾ ਕਰਨ ਦੀ ਗੱਲ ਕਹਿ ਕੇ ਉਸ ਦੀ ਬਦਲੀ ਕਰਵਾਉਣ ਦੀ ਧਮਕੀ ਦੇ ਰਹੇ ਹਨ। ਇਸ 'ਤੇ ਮੈਡਮ ਲਵਮੀਤ ਕੌਰ ਨੇ ਵਿਧਾਇਕ ਨੂੰ 'ਤਮੀਜ਼' ਨਾਲ ਗੱਲ ਕਰਨ ਦੀ ਗੱਲ ਵੀ ਕਹੀ।