ਭਾਰਤੀ-ਅਮਰੀਕੀ ਉਦਯੋਗਪਤੀ ਦਰਸ਼ਨ ਧਾਲੀਵਾਲ ਵੱਲੋਂ PM ਮੋਦੀ ਦੀ ਤਾਰੀਫ਼, ''ਸਿੱਖ ਕੌਮ ਲਈ ਚੁੱਕੇ ਸ਼ਲਾਘਾਯੋਗ ਕਦਮ''

Saturday, Jan 14, 2023 - 07:13 PM (IST)

ਭਾਰਤੀ-ਅਮਰੀਕੀ ਉਦਯੋਗਪਤੀ ਦਰਸ਼ਨ ਧਾਲੀਵਾਲ ਵੱਲੋਂ PM ਮੋਦੀ ਦੀ ਤਾਰੀਫ਼, ''ਸਿੱਖ ਕੌਮ ਲਈ ਚੁੱਕੇ ਸ਼ਲਾਘਾਯੋਗ ਕਦਮ''

ਜਲੰਧਰ: ਭਾਰਤੀ-ਅਮਰੀਕੀ ਉਦਯੋਗਪਤੀ ਦਰਸ਼ਨ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖ ਕੌਮ ਪ੍ਰਤੀ ਕੀਤੇ ਗਏ ਕੰਮ ਸ਼ਲਾਘਾਯੋਗ ਹਨ। ਇਸ ਸਾਲ ਪ੍ਰਵਾਸੀ ਭਾਰਤੀ ਸਨਮਾਨ ਲਈ ਚੁਣੇ ਗਏ 27 ਲੋਕਾਂ ਵਿਚ ਸ਼ਾਮਲ ਸਨਅਤਕਾਰ ਦਰਸ਼ਨ ਸਿੰਘ ਧਾਲੀਵਾਲ ਨੂੰ ਜਦੋਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਏਅਰਪੋਰਟ ਤੋਂ ਅਮਰੀਕਾ ਵਾਪਸ ਭੇਜੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਘਟਨਾ ਪ੍ਰਮਾਤਮਾ ਦੀ ਰਜ਼ਾ ਮੁਤਾਬਕ ਹੀ ਵਾਪਰਦੀ ਹੈ ਅਤੇ ਇਸ ਲਈ ਉਨ੍ਹਾਂ ਦੇ ਦਿਲ ਵਿਚ ਕੋਈ ਖੋਟ ਜਾਂ ਮਾੜੀ ਭਾਵਨਾ ਨਹੀਂ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਹੁਣ ਟੈਸਟ 'ਚ ਵੀ ਚੱਲੇਗਾ ਸੂਰਯਕੁਮਾਰ ਦਾ ਜਾਦੂ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਖ਼ਿਲਾਫ਼ ਮੁਕਾਬਲਿਆਂ ਲਈ ਟੀਮ ਦਾ ਐਲਾਨ

ਵਿਦਿਆਰਥੀਆਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਅਜਿਹੇ ਵਿਦਿਆਰਥੀਆਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਹਨ ਤਾਂ ਜੋ ਲੋੜਵੰਦ ਵਿਦਿਆਰਥੀ ਬਿਨਾਂ ਕਿਸੇ ਮਾਨਸਿਕ ਦਬਾਅ ਦੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਵਿਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਫੀਸਾਂ/ਖਰਚਿਆਂ ਦੇ ਵਧਦੇ ਬੋਝ ਨੂੰ ਝੱਲਣ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜਵੰਦ ਵਿਦਿਆਰਥੀ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਸੰਪਰਕ ਕਰਦੇ ਹਨ ਅਤੇ ਉਹ ਉਨ੍ਹਾਂ ਦੀ ਸਿੱਧੀ ਮਦਦ ਵੀ ਕਰਦੇ ਹਨ ਅਤੇ ਇਸ ਲਈ ਕਿਸੇ ਹੋਰ ਪ੍ਰਕਿਰਿਆ ਨੂੰ ਅਪਣਾਉਣ ਦੀ ਲੋੜ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- "ਅੰਗਰੇਜ਼ਾਂ ਨੇ ਵੀ ਕਦੇ ਨਹੀਂ ਲਿਆ ਅਜਿਹਾ ਫ਼ੈਸਲਾ"

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਉਹ ਪੰਜਾਬ ਵਿਚ ਪ੍ਰੋਫੈਸ਼ਨਲ ਡਿਗਰੀ ਹਾਸਲ ਕਰਨ ਵਾਲੇ ਕਈ ਵਿਦਿਆਰਥੀਆਂ ਦੀ ਮਦਦ ਵੀ ਕਰਦੇ ਹਨ। ਇਸ ਸਬੰਧੀ ਕੋਈ ਕੋਟਾ ਆਦਿ ਨਿਰਧਾਰਤ ਨਹੀਂ ਕੀਤਾ ਗਿਆ। ਗਰੀਬ ਪਰਿਵਾਰ ਵਿਚੋਂ ਕੋਈ ਵੀ ਹੋਣਹਾਰ ਵਿਦਿਆਰਥੀ ਉਨ੍ਹਾਂ ਨਾਲ ਸੰਪਰਕ ਕਰਦਾ ਹੈ ਤਾਂ ਉਸ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਸਾਲ 1972 ਵਿਚ ਪੰਜਾਬ ਤੋਂ ਅਮਰੀਕਾ ਗਏ ਧਾਲੀਵਾਲ ਅੱਜ ਅਮਰੀਕਾ ਦੇ ਛੇ ਰਾਜਾਂ ਵਿਚ 1000 ਪੈਟਰੋਲ ਅਤੇ ਗੈਸ ਸਟੇਸ਼ਨਾਂ ਦੇ ਮਾਲਕ ਹਨ ਅਤੇ ਅਮਰੀਕਾ ਦੇ ਧਨਾਢ ਅਤੇ ਅਮੀਰ ਉਦਯੋਗਪਤੀਆਂ ਵਿਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਸਾਲਾਨਾ ਆਮਦਨ ਦੋ ਅਰਬ ਡਾਲਰ ਤੋਂ ਵੱਧ ਹੈ। ਤਾਮਿਲਨਾਡੂ ਵਿਚ ਸੁਨਾਮੀ ਦੌਰਾਨ ਉਨ੍ਹਾਂ ਨੇ ਰੇਲ ਰਾਹੀਂ ਰਾਸ਼ਨ, ਦਵਾਈਆਂ, ਕੱਪੜੇ ਅਤੇ ਰਾਹਤ ਸਮੱਗਰੀ ਭੇਜੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News