ਸ਼ੱਕੀ ਹਾਲਾਤ ’ਚ ਚੱਲ ਰਹੀ ਨਕਲੀ ਡੀਏਪੀ ਬਣਾਉਣ ਦੀ ਕੈਮੀਕਲ ਫੈਕਟਰੀ ਦਾ ਪਰਦਾਫਾਸ਼
Wednesday, Nov 17, 2021 - 06:16 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਡੀਏਪੀ ਦੀ ਕਮੀ ਨੂੰ ਲੈ ਕੇ ਜਿਥੇ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਆਪਸ ਵਿਚ ਠਣੀ ਹੋਈ ਹੈ। ਉਥੇ ਹੀ ਕੁਝ ਲੋਕ ਕਿਸਾਨਾਂ ਦੀ ਇਸ ਬੇਵਸੀ ਦਾ ਫਾਇਦਾ ਉਠਾਉਂਦੇ ਹੋਏ ਕਥਿਤ ਤੌਰ ’ਤੇ ਨਕਲੀ ਡੀਏਪੀ ਖਾਦ ਤਿਆਰ ਕਰਕੇ ਕਿਸਾਨਾਂ ਦੀ ਲੁੱਟ ਕਰਨ ਵਿਚ ਲੱਗੇ ਹੋਏ ਹਨ। ਇਸੇ ਤਰ੍ਹਾਂ ਹੀ ਬੀਤੀ ਸ਼ਾਮ ਖੇਤੀਬਾੜੀ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਨੇ ਕਿਸਾਨ ਯੂਨੀਅਨ ਦੀ ਸ਼ਿਕਾਇਤ ’ਤੇ ਮੰਡੀ ਬਰੀਵਾਲਾ ਵਿਖੇ ਚੱਲ ਰਹੀ ਸ਼ੱਕੀ ਨਕਲੀ ਡੀਏਪੀ ਖਾਦ ਬਣਾਉਣ ਵਾਲੀ ਕੈਮੀਕਲ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਅਤੇ ਹੋਰ ਕਿਸਾਨਾਂ ਨੇ ਥਾਣਾ ਬਰੀਵਾਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਮੰਡੀ ਬਰੀਵਾਲਾ ਵਿਖੇ ਮਰਾੜ ਰੋਡ ’ਤੇ ਇਕ ਜੇਸੈਂਟ ਕੈਮੀਕਲਸ ਇੰਡੀਆ ਨਾਮ ਦੀ ਫੈਕਟਰੀ ਹੈ। ਜਿਥੇ ਕਿ ਗੈਰ ਕਾਨੂੰਨੀ ਢੰਗ ਨਾਲ ਖਾਦ ਤਿਆਰ ਕੀਤੀ ਜਾ ਰਹੀ ਹੈ।
ਇਸ ਸ਼ਿਕਾਇਕ ਦੇ ਆਧਾਰ ’ਤੇ ਪੁਲਸ ਨੇ ਖੇਤੀਬਾੜੀ ਵਿਭਾਗਾਂ ਨੂੰ ਨਾਲ ਲੈ ਕੇ ਫੈਕਟਰੀ ਵਿਚ ਛਾਪਾਮਾਰੀ ਕੀਤੀ। ਜਿਥੋਂ ਕਿ ਵਿਭਾਗ ਨੂੰ ਡੇਢ ਗੱਟਾ ਅਜਿਹੀ ਖਾਦ ਬਰਾਮਦ ਹੋਈ ਜੋ ਕਿ ਕਿਸੇ ਵੀ ਵਿਭਾਗ ਦੇ ਮਾਰਕੇ ਤੋਂ ਬਿਨ੍ਹਾਂ ਸੀ ਅਤੇ ਇਹ ਬਿਲਕੁਲ ਸੁਆਹ ਵਰਗੀ ਸੀ। ਜਦਕਿ 26 ਗੱਟੇ ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲਜ਼ ਗਡੇਪਾਨ ਰਾਜਸਥਾਨ ਨਾਮ ਫਰਮ ਵਾਲੇ ਬੈਗਾਂ ਵਿਚ ਭਰੇ ਹੋਏ ਵੀ ਬਰਾਮਦ ਹੋਏ ਹਨ। ਖੇਤੀਬਾੜੀ ਵਿਭਾਗ ਨੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਰਾਜਵਿੰਦਰ ਸਿੰਘ ਅਤੇ ਬਲਾਕ ਅਫ਼ਸਰ ਡਾ. ਸੁਖਜਿੰਦਰ ਸਿੰਘ ਦੀ ਅਗਵਾਈ ਵਿਚ ਇਥੋਂ ਬਰਾਮਦ ਹੋਈ ਖਾਦ ਦੇ ਸੈਂਪਲ ਲਏ ਹਨ। ਇਸਦੇ ਨਾਲ ਹੀ ਪੁਲਸ ਨੇ ਪਲਾਸਟਿਕ ਦੇ ਡੱਬੇ ਵਿਚ ਖੁੱਲੀ ਡੀਏਪੀ ਦੀ ਖਾਦ, ਇਕ ਵੇਰ ਬਰਿਜ ਅਤੇ ਸਟਿਚਿੰਗ ਮਸ਼ੀਨ ਵੀ ਬਰਾਮਦ ਕੀਤੀ ਹੈ। ਮੌਕੇ ’ਤੇ ਹੀ ਮੌਜੂਦ ਪਿੰਡ ਵੱਟੂ ਦੇ ਦੋ ਕਿਸਾਨਾ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਹਨ ਜਿਨ੍ਹਾਂ ਨੇ ਇਸ ਫੈਕਟਰੀ ਤੋਂ 47 ਗੱਟੇ ਖਾਦ ਦੀ ਖਰੀਦ ਕੀਤੀ ਸੀ।
ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸੈਂਪਲ ਲੈ ਕੇ ਲੈਬ ਵਿਚ ਭੇਜ ਦਿੱਤੇ ਹਨ ਅਤੇ ਇਸਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ ਥਾਣਾ ਬਰੀਵਾਲਾ ਦੀ ਇੰਚਾਰਜ ਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਨੂੰ ਨਾਲ ਲੈ ਕੇ ਜਾਂਚ ਕੀਤੀ ਗਈ ਸੀ। ਫਿਲਹਾਲ ਫੈਕਟਰੀ ਦੇ ਮਾਲਕ ਮਨਜੀਤ ਸਿੰਘ ਨਿਵਾਸੀ ਮਰਾੜ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਦਕਿ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸਦੇ ਨਾਲ ਹੀ ਜਿਵੇਂ ਹੀ ਖੇਤੀਬਾੜੀ ਵਿਭਾਗ ਦੀ ਰਿਪੋਰਟ ਆਵੇਗੀ ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।