ਖ਼ਤਰਨਾਕ ਸਥਿਤੀ, ਚਿੱਟੇ ਵਾਂਗ ਚਾਈਨਾ ਡੋਰ ਦੀ ਵਿਕਰੀ ’ਚ ਔਰਤਾਂ ਨੇ ਕੀਤੀ ਐਂਟਰੀ

01/10/2023 2:42:54 AM

ਅੰਮ੍ਰਿਤਸਰ (ਨੀਰਜ)-ਜਿਸ ਤਰ੍ਹਾਂ ਕਈ ਨਸ਼ਾ ਸਮੱਗਲਰਾਂ ਨੇ ਚਿੱਟਾ ਵੇਚਣ ਲਈ ਔਰਤਾਂ ਨੂੰ ਅੱਗੇ ਕੀਤਾ ਹੋਇਆ ਹੈ, ਉਸੇ ਤਰ੍ਹਾਂ ਚਾਈਨਾ ਡੋਰ ਦੀ ਵਿਕਰੀ ਵਿਚ ਔਰਤਾਂ ਦੀ ਐੈਂਟਰੀ ਹੋ ਚੁੱਕੀ ਹੈ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਨੇ ਵੀ ਸਖ਼ਤ ਹੁਕਮ ਦਿੱਤੇ ਹਨ। ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਕਿਹਾ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਾਣਕਾਰੀ ਅਨੁਸਾਰ ਥਾਣਾ ਸੀ-ਡਵੀਜ਼ਨ ਦੇ ਇਲਾਕੇ ’ਚ ਥਾਣਾ ਮੁਖੀ ਗੁਰਮੀਤ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਹਰਜੀਤ ਸਿੰਘ ਅਤੇ ਪੁਲਸ ਟੀਮ ਨੇ ਇਕ ਔਰਤ ਨੂੰ 19 ਚਾਈਨਾਂ ਗੱਟੂਆਂ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਔਰਤ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਕਰ ਰਹੀ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਇਕ ਟਰੈਪ ਲਗਾ ਕੇ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਔਰਤ ਦੀ ਗ੍ਰਿਫ਼ਤਾਰੀ ਵਿਚ ਹਾਲਾਂਕਿ ਚਾਈਨਾ ਡੋਰ ਗੱਟੂਆਂ ਦੀ ਰਿਕਵਰੀ ਇੰਨੀ ਜ਼ਿਆਦਾ ਨਹੀਂ ਹੈ ਪਰ ਪੂਰੇ ਪੰਜਾਬ ’ਚ ਇਹ ਕੇਸ ਅਜਿਹਾ ਪਹਿਲਾ ਕੇਸ ਹੈ, ਜਿਸ ਵਿਚ ਇਕ ਔਰਤ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤ ਦੇ ਬੀੜੀ ਮਜ਼ਦੂਰ ਨੇ ਸਖ਼ਤ ਮਿਹਨਤ ਨਾਲ ਬਦਲੀਆਂ ਕਿਸਮਤ ਦੀਆਂ ਲਕੀਰਾਂ, ਅਮਰੀਕਾ ’ਚ ਜਾ ਕੇ ਬਣਿਆ ਜੱਜ 

ਜ਼ਿਆਦਾਤਰ ਪੁਲਸ ਥਾਣਿਆਂ ’ਚ ਨਹੀਂ ਦਿਖੀ ਗੰਭੀਰਤਾ

ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਵਿਰੁੱਧ ਉੱਚ ਅਧਿਕਾਰੀਆਂ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਕੁਝ ਥਾਣਾ ਇੰਚਾਰਜਾਂ ਨੇ ਹੀ ਚਾਈਨਾ ਡੋਰ ਵਿਰੁੱਧ ਮੁਹਿੰਮ ’ਚ ਗੰਭੀਰਤਾ ਦਿਖਾਈ ਹੈ। ਥਾਣਾ ਛੇਹਰਟਾ, ਸਦਰ, ਗੇਟ ਹਕੀਮਾਂ ਅਤੇ ਸੀ-ਡਵੀਜ਼ਨ ਤੋਂ ਇਲਾਵਾ ਜ਼ਿਆਦਾਤਰ ਥਾਣਿਆਂ ’ਚ ਨਾ ਤਾਂ ਚਾਈਨਾ ਡੋਰ ਵੇਚਣ ਵਾਲੇ ਅਤੇ ਨਾ ਹੀ ਚਾਈਨਾ ਡੋਰ ਵਰਤਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਬੱਚੇ ਜਾਂ ਜਵਾਨ ਬਰਾਬਰ ਹੀ ਜ਼ਿੰਮੇਵਾਰ ਹਨ, ਜਿੰਨਾ ਚਾਈਨਾ ਡੋਰ ਵੇਚਣ ਵਾਲਾ ਜ਼ਿੰਮੇਵਾਰ ਹੈ।


ਸਿਵਲ ਪ੍ਰਸ਼ਾਸਨ ਬਣਿਆ ਮੂਕ ਦਰਸ਼ਕ

ਚਾਈਨਾ ਡੋਰ ਦੇ ਮਾਮਲੇ ਵਿਚ ਜਿੱਥੇ ਪੁਲਸ ਦੇ ਪੱਖ ਤੋਂ ਕੁਝ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਸਿਵਲ ਪ੍ਰਸ਼ਾਸਨ ਇਸ ਮਾਮਲੇ ’ਚ ਪੂਰੀ ਤਰ੍ਹਾਂ ਮੂਕ ਦਰਸ਼ਕ ਬਣਿਆ ਨਜ਼ਰ ਆ ਰਿਹਾ ਹੈ, ਜਦਕਿ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਸਮੂਹ ਐੱਸ. ਡੀ. ਐੱਮਜ਼ ਅਤੇ ਡਿਊਟੀ ਮੈਜਿਸਟ੍ਰੇਟਾਂ ਨੂੰ ਲਿਖਤੀ ਤੌਰ ’ਤੇ ਹੁਕਮ ਜਾਰੀ ਕੀਤੇ ਗਏ ਸਨ ਕਿ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਵਰਤਣ ਵਾਲਿਆਂ ਨੂੰ ਫੜਨ ਲਈ ਆਪੋ-ਆਪਣੇ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾਵੇ ਪਰ ਇਹ ਹੁਕਮ ਸਿਰਫ ਸਰਕਾਰੀ ਦਸਤਾਵੇਜ਼ਾਂ ਤੱਕ ਹੀ ਸੀਮਤ ਰਹੇ ਅਤੇ ਲੋਕ ਖੁੱਲ੍ਹੇਆਮ ਚਾਈਨਾ ਡੋਰ ਦੀ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ


ਕਾਈਟ ਅਤੇ ਡੋਰ ਐਸੋਸੀਏਸ਼ਨ ਨੇ ਪਹਿਲਾਂ ਹੀ ਕੀਤਾ ਸੀ ਖ਼ੁਲਾਸਾ

ਤਕਰੀਬਨ 15 ਸਾਲ ਪਹਿਲਾਂ ਜਦੋਂ ਚਾਈਨਾ ਡੋਰ ਦਾ ਰੁਝਾਨ ਸ਼ੁਰੂ ਹੋਇਆ ਸੀ ਤਾਂ ਕੁਝ ਰਵਾਇਤੀ ਡੋਰ ਵੇਚਣ ਵਾਲਿਆਂ ਨੇ ਚਾਈਨਾ ਡੋਰ ਵੇਚਣੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ, ਰਜਤ ਅਗਰਵਾਲ, ਰਵੀ ਭਗਤ ਆਦਿ ਨੇ ਵਿਸ਼ੇਸ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਅਤੇ ਰਵਾਇਤੀ ਡੋਰ ਦੇ ਨਾਲ-ਨਾਲ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੇ ਇਸ ਖੂਨੀ ਡੋਰ ਨੂੰ ਵੇਚਣ ਤੋਂ ਗੁਰੇਜ਼ ਕੀਤਾ ਪਰ ਬਾਅਦ ਵਿਚ ਕਾਈਟ ਅਤੇ ਡੋਰ ਐਸੋਸੀਏਸਨ ਵੱਲੋਂ ਜਿਸ ਵਿਚ ਪ੍ਰਧਾਨ ਸੁਭਾਸ਼ ਬਹਿਲ ਅਤੇ ਹੋਰਾਂ ਨੇ ਖੁਲਾਸਾ ਕੀਤਾ ਸੀ ਕਿ ਕੁਝ ਅਜਿਹੇ ਲੋਕ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ, ਜਿਨ੍ਹਾਂ ਦਾ ਪਤੰਗ ਅਤੇ ਡੋਰ ਦੇ ਕਾਰੋਬਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਜਿਹੇ ਲੋਕਾਂ ’ਚ ਹਲਵਾਈ, ਸਮੋਸੇ ਵੇਚਣ ਵਾਲੇ, ਕਰਿਆਨਾ ਅਤੇ ਮੁਨਿਆਰੀ ਦਾ ਕੰਮ ਕਰਨ ਵਾਲੇ, ਵਾਲ ਕੱਟਣ ਵਾਲੇ ਤੱਕ ਇਸ ਡੋਰ ਦੀ ਵਿੱਕਰੀ ਕਰਨ ’ਚ ਲੱਗੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ


ਨਾਟ ਫਾਰ ਕਾਈਟ ਯੂਜ਼ ਲਿਖ ਕੇ ਵੇਚ ਰਹੀ ਕੰਪਨੀ

ਚਾਈਨਾ ਡੋਰ ਦਾ ਨਿਰਮਾਣ ਕਰਨ ਵਾਲੀ ਕੰਪਨੀ ਭਾਵੇਂ ਉਹ ਦਿੱਲੀ ’ਚ ਹੈ ਜਾਂ ਫਿਰ ਕਿਸੇ ਹੋਰ ਸੂਬੇ ’ਚ ਉਹ ਚਾਈਨਾ ਗੱਟੂ ’ਤੇ ਲਿਖ ਦਿੰਦੀ ਹੈ ਕਿ ਨਾਟ ਫਾਰ ਕਾਈਟ ਯੂਜ਼ (ਇਹ ਧਾਗਾ ਪਤੰਗ ਉਡਾਣ ਲਈ ਵਰਤੋਂ ਨਹੀਂ ਕੀਤਾ ਜਾ ਸਕਦਾ) ਪਰ ਫਿਰ ਕਿਵੇਂ ਵਰਤੋਂ ਲਈ ਇਸ ਪਲਾਸਟਿਕ ਧਾਗੇ ਦੀ ਮੈਨੂਫੈਕਚਰਿੰਗ ਕੀਤੀ ਜਾ ਰਹੀ ਹੈ, ਇਸ ਬਾਰੇ ਚਾਈਨਾ ਗੱਟੂ ’ਤੇ ਨਹੀਂ ਲਿਖਿਆ ਜਾਂਦਾ ਹੈ।


ਉੱਤਰਾਖੰਡ ’ਚ ਨਸ਼ੇ ਵਾਲੀਆਂ ਦਵਾਈਆਂ ਵਾਲੀ ਫੈਕਟਰੀ ਕੀਤੀ ਸੀਲ, ਚਾਈਨਾ ਡੋਰ ਨੂੰ ਸੀਲ ਕਿਉਂ ਨਹੀਂ ਕੀਤਾ

ਹਾਲ ਹੀ ’ਚ ਪੁਲਸ ਨੇ ਇਕ ਨਸ਼ੇ ਵਾਲੀਆਂ ਦਵਾਈਆਂ ਦੇ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਉੱਤਰਾਖੰਡ ਵਿਚ ਨਸ਼ੇ ਵਾਲੀਆਂ ਦਵਾਈਆਂ ਬਣਾਉਣ ਵਾਲੀ ਕੰਪਨੀ ਨੂੰ ਸੀਲ ਕੀਤਾ ਗਿਆ ਪਰ ਚਾਈਨਾ ਡੋਰ ਦੇ ਮਾਮਲੇ ਵਿਚ ਪੁਲਸ ਅਜਿਹੀ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ। ਇਹ ਵੀ ਇਕ ਵੱਡਾ ਸਵਾਲ ਹੈ। ਜ਼ਿਆਦਾਤਰ ਪੁਲਸ ਅਤੇ ਸਿਵਲ ਅਫ਼ਸਰਾਂ ਕੋਲ ਵੱਡੀਆਂ ਗੱਡੀਆਂ ਹਨ। ਚਾਰ ਪਹੀਆ ਵਾਹਨ ’ਤੇ ਜੇਕਰ ਡੋਰ ਡਿੱਗ ਵੀ ਜਾਂਦੀ ਹੈ ਤਾਂ ਉਸ ਦਾ ਕੋਈ ਅਸਰ ਨਹੀਂ ਹੁੰਦਾ। ਚਾਈਨਾ ਡੋਰ ਸਕੂਟਰ ਜਾਂ ਮੋਟਰਸਾਈਕਲ ਜਾਂ ਸਾਈਕਲ ਸਵਾਰ ਵਿਅਕਤੀ ਦਾ ਗਲ਼ਾ ਵੱਢ ਦਿੰਦੀ ਹੈ ਜਾਂ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੰਦੀ ਹੈ, ਅਜਿਹੀ ਸਥਿਤੀ ਵਿਚ ਲਾਪ੍ਰਵਾਹ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਗਲ਼ਾ ਕਿਵੇਂ ਕੱਟਿਆ ਜਾਂਦਾ ਹੈ ਅਤੇ ਇਸ ਦਾ ਦਰਦ ਕੀ ਹੁੰਦਾ ਹੈ।

–ਨਰੇਸ਼ ਧੰਮੀ (ਪ੍ਰਧਾਨ ਬ੍ਰਾਹਮਣ ਕਲਿਆਣ ਮੰਚ ਪੰਜਾਬ)।


Manoj

Content Editor

Related News