ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਖ਼ਤਰਨਾਕ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ’ਚ ਕੀਤਾ ਜਾਵੇਗਾ ਸ਼ਿਫ਼ਟ
Tuesday, Apr 26, 2022 - 11:28 PM (IST)
ਬਠਿੰਡਾ (ਕੁਨਾਲ ਬਾਂਸਲ) : ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦਿਆਂ 50 ਵੱਡੇ ਅਪਰਾਧੀਆਂ ਨੂੰ ਬਠਿੰਡਾ ਕੇਂਦਰੀ ਜੇਲ੍ਹ ’ਚ ਸ਼ਿਫਟ ਕਰਨ ਦੀ ਤਿਆਰੀ ਕੀਤੀ ਗਈ ਹੈ, ਜਿਸ ਵਿਚ 36 ਖ਼ੂੰਖਾਰ ਤੇ ਖ਼ਤਰਨਾਕ ਗੈਂਗਸਟਰ ਸ਼ਾਮਲ ਹਨ। ਸਿਰਫ਼ ਇੰਨਾ ਹੀ ਨਹੀਂ, 14 ਦੋਸ਼ੀਆਂ ਨੂੰ ਹੋਰ ਜੇਲ੍ਹਾਂ ’ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਕਤ 36 ਗੈਂਗਸਟਰਾਂ ਨੂੰ ਤਾਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (ਐੱਨ. ਆਈ. ਏ.) ਨੇ ਹੀ ਕਾਬੂ ਕੀਤਾ ਸੀ, ਜੋ ਅੰਤਰਰਾਸ਼ਟਰੀ ਨਸ਼ਾ ਤਸਕਰੀ, ਅੱਤਵਾਦੀ ਗਤੀਵਿਧੀਆਂ ਅਤੇ ਹੋਰ ਕਈ ਗੰਭੀਰ ਜੁਰਮਾਂ ਨਾਲ ਸੰਬੰਧ ਰੱਖਦੇ ਹਨ। ਜੇਲ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਖੁਫ਼ੀਆਂ ਏਜੰਸੀ ਵੱਲੋਂ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਦੋਸ਼ੀਆਂ ਨੂੰ ਦੂਸਰੀਆਂ ਜੇਲ੍ਹਾਂ ’ਚ ਭੇਜਿਆ ਜਾ ਰਿਹਾ ਹੈ। ਏਜੰਸੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਨ੍ਹਾਂ ਵਿਚ ਜ਼ਿਆਦਾਤਰ ਦੋਸ਼ੀ ਜੇਲ੍ਹਾਂ ਤੋਂ ਹੀ ਨੈੱਟਵਰਕ ਚਲਾ ਰਹੇ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਨੇ 10,000 ਰੁਪਏ ਰਿਸ਼ਵਤ ਲੈਂਦੇ ਪਟਵਾਰੀ, ਨਿੱਜੀ ਸਹਾਇਕ ਤੇ ਨੰਬਰਦਾਰ ਨੂੰ ਕੀਤਾ ਗ੍ਰਿਫ਼ਤਾਰ
ਅੰਤਰਰਾਸ਼ਟਰੀ ਸਮੱਗਲਰਾਂ ’ਚ ਰਣਜੀਤ ਸਿੰਘ ਚੀਤਾ, ਉਸ ਦੇ ਭਰਾ ਗਗਨਦੀਪ ਸਿੰਘ ਅਤੇ ਸਾਥੀ ਦਿਲਭਾਗ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ। ਇਨ੍ਹਾਂ ਨੂੰ ਪਹਿਲਾਂ ਬਰਨਾਲਾ ਜੇਲ੍ਹ ਵਿਖੇ ਰੱਖਿਆ ਗਿਆ ਸੀ, ਜਿਥੇ ਜੈਮਰ ਤੱਕ ਦੀ ਸਹੂਲਤ ਵੀ ਸੀ। ਇਨ੍ਹਾਂ ਸਭ ਦੋਸ਼ੀਆਂ ’ਚੋਂ 12 ਸਮੱਗਲਰਾਂ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ, ਜੋ ਅੰਤਰਰਾਸ਼ਟਰੀ ਨਸ਼ਾ ਸਮੱਗਲਿੰਗ ਨਾਲ ਸੰਬੰਧ ਰੱਖਦੇ ਹਨ ਅਤੇ ਇਸ ’ਚ ਅਫਗਾਨਿਸਤਾਨ ਤੇ ਜੰਮੂ-ਕਸ਼ਮੀਰ ਦੇ ਲੋਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਵੱਡੇ ਗੈਂਗਸਟਰ ਕਪੂਰਥਲਾ 6, ਬਰਨਾਲਾ, ਪਟਿਆਲਾ, ਸੰਗਰੂਰ ਅਤੇ ਫਿਰੋਜ਼ਪੁਰ 4 ਅਤੇ 3 ਲੁਧਿਆਣਾ ’ਚ ਬੰਦ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਜੇਲ੍ਹ ’ਚ ਸੁਰੱਖਿਆ ਦੇ ਮੱਦੇਨਜ਼ਰ ਹਾਈ ਰਿਸਕ ਪ੍ਰਿਜ਼ਨਰ ਸੈੱਲ ਬਣਾਇਆ ਗਿਆ ਹੈ। ਇਸ ਜੇਲ੍ਹ ’ਚ ਸੂਬੇ ਦੇ ਵੱਡੇ ਗੈਂਗਸਟਰ ਬੰਦ ਹਨ। ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ. ਆਰ. ਪੀ. ਐੱਫ. ਨੂੰ ਦਿੱਤੀ ਗਈ ਹੈ ਅਤੇ ਉਹ ਬਕਾਇਦਾ ਗੇਟ ਦੇ ਸਕੈਨਰ ਰਾਹੀਂ ਜਾਂਚ ਕਰਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ