ਪੰਜਾਬ 'ਚ ਹੜ੍ਹ ਆਉਣ ਦਾ ਖ਼ਤਰਾ! ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)
Sunday, Jul 02, 2023 - 10:52 AM (IST)
ਫਤਿਹਗੜ੍ਹ ਸਾਹਿਬ (ਸੁਰੇਸ਼) : ਭਾਖੜਾ ਨਹਿਰ 'ਚ ਪਾੜ ਪੈਣ ਦੇ ਡਰ ਕਾਰਨ ਇਲਾਕਾ ਨਿਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੀ ਅਣਦੇਖੀ ਕਾਰਨ ਨਹਿਰ ਦੀ ਪੱਕੇ ਤੌਰ 'ਤੇ ਰਿਪੇਅਰ ਨਹੀਂ ਹੋਈ ਕਿਉਂਕਿ ਇਸੇ ਸਥਾਨ 'ਤੇ ਕਰੀਬ 4 ਸਾਲ ਪਹਿਲਾਂ ਵੀ ਪਾੜ ਪਿਆ ਸੀ, ਜਿਸ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਅਤੇ ਦੁਬਾਰਾ ਉਸੇ ਸਥਾਨ ’ਤੇ ਮਿੱਟੀ ਦੇ ਥੇਲੇ ਖਿਸਕਣ ਕਾਰਨ ਪਾੜ ਖੁੱਲ੍ਹਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਦੇਖੋ ਤਬਾਹੀ ਦਾ ਮੰਜ਼ਰ ਬਿਆਨ ਕਰਦੀਆਂ ਮੌਕੇ ਦੀਆਂ ਤਸਵੀਰਾਂ
ਭੁੱਟਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਐਕਸੀਅਨ ਨਹਿਰੀ ਵਿਭਾਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤੁਸੀਂ ਐੱਸ. ਡੀ. ਓ. ਨਾਲ ਗੱਲ ਕਰੋ। ਜਦੋਂਕਿ ਹੇਠਲੇ ਪੱਧਰ ਦੇ ਅਧਿਕਾਰੀ ਇਸ ਪਾੜ ਸਬੰਧੀ ਉੱਚ ਅਧਿਕਾਰੀਆਂ ਨੂੰ ਸਾਰੀ ਜਾਣਕਾਰੀ ਪਹਿਲਾਂ ਹੀ ਦੇ ਚੁੱਕੇ ਹਨ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਇਸ ਸਥਾਨ 'ਤੇ ਨਹਿਰ ਦੀ ਰਿਪੇਅਰ ਨਾ ਕੀਤੀ ਗਈ ਤਾਂ ਨਹਿਰ ਦਾ ਕਿਨਾਰਾ ਟੁੱਟਣ ਕਾਰਨ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਤੇ ਆਸ-ਪਾਸ ਦੇ 15 ਪਿੰਡ ’ਚ ਪਾਣੀ ਦੀ ਮਾਰ ਕਾਰਨ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਨੂੰ ਖ਼ੁਸ਼ਕ ਰਹੇਗਾ ਮੌਸਮ, 5 ਜੁਲਾਈ ਤੱਕ ਜਾਣੋ ਮੌਸਮ ਬਾਰੇ ਤਾਜ਼ਾ ਅਪਡੇਟ
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਹਿਰ ਦੀ ਰਿਪੇਅਰ ਤੁਰੰਤ ਕਰਵਾਈ ਜਾਵੇ ਤੇ ਅਣਦੇਖੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਖ਼ਤਰੇ ਤੋਂ ਇਲਾਕਾ ਨਿਵਾਸੀਆਂ ਨੂੰ ਨਿਜ਼ਾਤ ਮਿਲ ਸਕੇ। ਇਸ ਮੌਕੇ ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਜਗਰੂਪ ਸਿੰਘ ਨੰਬਰਦਾਰ, ਸਾਹਿਬ ਸਿੰਘ ਹਰਲਾਲਪੁਰ, ਸ਼ੀਸ਼ਨ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਸਰਪੰਚ, ਗੁਰਸ਼ਰਨ ਸਿੰਘ, ਅਮਰਿੰਦਰ ਪਾਲ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਭਰਪੂਰ ਸਿੰਘ, ਗੁਰਜਿੰਦਰ ਸਿੰਘ, ਪ੍ਰਭਜੋਤ ਸਿੰਘ ਕੋਟਲਾ ਬਜਵਾੜਾ ਆਦਿ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ