ਦਮਦਮੀ ਟਕਸਾਲ ਦੇ ਸਿੰਘਾਂ ਤੇ ਨਿਹੰਗਾਂ ਵਿਚਾਲੇ ਚੱਲੀਆਂ ਗੋਲੀਆਂ, 5 ਜ਼ਖਮੀ

Friday, Aug 02, 2019 - 08:52 PM (IST)

ਚੌਕ ਮਹਿਤਾ,(ਪਾਲ) : ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਖੇਤਾਂ 'ਚ ਜਬਰੀ ਗਊੂਆਂ ਚਾਰਨ ਲਈ ਦਾਖਲ ਕਰਨ ਨੂੰ ਲੈ ਕੇ ਨਿਹੰਗ ਸਿੰਘ ਜਥਾ (ਗਾਈਆਂ ਵਾਲੇ) ਦੇ ਸੇਵਾਦਾਰਾਂ ਤੇ ਦਮਦਮੀ ਟਕਸਾਲ ਦੇ ਸਿੰਘਾਂ ਵਿਚਾਲੇ ਤਕਰਾਰਬਾਜ਼ੀ ਹੋ ਗਈ ਤੇ ਗੱਲ ਵੱਧਦੀ ਹੋਈ ਖੂਨੀ ਝੜਪ ਤੱਕ ਪੁੱਜ ਗਈ। ਜਾਣਕਾਰੀ ਮੁਤਾਬਕ ਬਾਬਾ ਭਰਥ ਸਿੰਘ ਦੀ ਅਗਵਾਈ 'ਚ ਅੱਜ ਇੱਥੇ ਮਹਿਤੇ ਪੁੱਜਾ ਹਜ਼ਾਰਾਂ ਗਊਆਂ ਦਾ ਵੱਡਾ ਕਾਫਲਾ ਦਮਦਮੀ ਟਕਸਾਲ ਦੇ ਖੇਤਾਂ ਵਿਚ ਦਾਖਲ ਹੋ ਗਿਆ ਤੇ ਝੋਨੇ ਦੀ ਫਸਲ ਨੂੰ ਚਰਨ ਲੱਗ ਗਿਆ। ਨੁਕਸਾਨ ਹੁੰਦਾ ਦੇਖ ਦਮਦਮੀ ਟਕਸਾਲ ਦੇ ਸਿੰਘਾਂ ਨੇ ਗਊਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੈ ਕੇ ਝੁੰਡ ਨਾਲ ਆਏ ਸੇਵਾਦਾਰਾਂ ਦੀ ਸਿੰਘਾਂ ਨਾਲ ਤਕਰਾਰ ਹੋ ਗਈ, ਜਿਸ ਨੇ ਦੇਖਦੇ ਹੀ ਦੇਖਦੇ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ ।

PunjabKesari

ਚਸ਼ਮਦੀਦਾਂ ਅਨੁਸਾਰ ਇਸ ਝੜਪ ਦੌਰਾਨ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਵੀ ਸੁਣੀਆਂ ਗਈਆ। ਮੌਕੇ 'ਤੇ ਮਿਲ਼ੀ ਜਾਣਕਾਰੀ ਅਨੁਸਾਰ ਦੋਵੇਂ ਧਿਰਾਂ 'ਚ ਇੱਟਾਂ– ਰੋੜੇ ਤੇ ਡਾਂਗ- ਸੋਟਾ ਵੀ ਖੂਬ ਚੱਲਿਆ। ਇਸ ਲੜਾਈ ਦੌਰਾਨ 4-5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜ ਗਏ ਸਨ ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਕੇ ਸਥਿਤੀ ਨੂੰ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

PunjabKesari

ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਮਹਿਤਾ, ਜਗਤਾਰ ਸਿੰਘ ਜਾਗਰ ਪੁੱਤਰ ਅਜੀਤ ਸਿੰਘ ਵਾਸੀ ਮਹਿਤਾ ਤੇ ਗੁਰਸੇਵਕ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੋਹਗੜ੍ਹ ਗੰਭੀਰ ਰੂਪ 'ਚ ਜ਼ਖਮੀ ਦੱਸੇ ਜਾ ਰਹੇ ਹਨ, ਜਦਕਿ ਹੋਰਨਾਂ ਜ਼ਖਮੀਆਂ 'ਚ ਮਨਪ੍ਰੀਤ ਸਿੰਘ ਨੰਗਲੀ, ਰਣਜੀਤ ਸਿੰਘ ਐਨੋਕੋਟ, ਅੰਮ੍ਰਿਤਪਾਲ ਸਿੰਘ ਜੋਧਾਨਗਰੀ, ਹੀਰਾ ਸਿੰਘ ਭੋਏਵਾਲ, ਨੀਲਾ ਸਿੰਘ ਬਾਬਾ ਬਕਾਲਾ, ਅਕਾਸ਼ਦੀਪ ਸਿੰਘ ਮਹਿਤਾ, ਹਰਪ੍ਰੀਤ ਸਿੰਘ ਕੁਹਾਟਵਿੰਡ, ਜੱਗਾ ਤੇ ਲੱਖੂ ਮਹਿਤਾ ਆਦਿ ਦੇ ਨਾਂ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਆਹਮੋ- ਸਾਹਮਣੇ ਹੋ ਗਈਆਂ ਸਨ ਪਰ ਉਸ ਵੇਲੇ ਪੁਲਸ ਪ੍ਰਸ਼ਾਸ਼ਨ ਦੀ ਹੁਸ਼ਿਆਰੀ ਕਾਰਨ ਤਕਰਾਰਬਾਜ਼ੀ ਹੁੰਦੇ ਹੁੰਦੇ ਟਲ ਗਈ ਸੀ। ਉਸ ਵੇਲੇ ਵੀ ਪੈਲੀਆਂ 'ਚ ਫਸਲ ਦੇ ਨੁਕਸਾਨ ਨੂੰ ਲੈ ਕੇ ਹੀ ਤਕਰਾਰ ਹੋਈ ਸੀ।


Related News