ਕਾਂਗੜ ਤੇ ਢਿੱਲੋਂ ਨੇ ਮ੍ਰਿਤਕ ਸੁਰਜੀਤ ਦੀ ਪਤਨੀ ਨੂੰ ਬਦਨਾਮ ਕਰਨ ਲਈ ਕੀਤੀ ਪ੍ਰੈੱਸ ਕਾਨਫਰੰਸ : ਡਾ. ਚੀਮਾ

01/25/2020 2:12:24 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਬਹਿਬਲ ਕਲਾਂ ਪੁਲਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਅਤੇ ਸਾਬਕਾ ਸਰਪੰਚ ਦੇ ਪਰਿਵਾਰ ਦਾ ਅਪਮਾਨ ਕਰਨ ਲਈ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਪਾਰਟੀ ਨੇ ਕਾਂਗਰਸ ਸਰਕਾਰ ਕੋਲੋਂ ਜੁਆਬ ਮੰਗਿਆ ਹੈ ਕਿ ਮੋਗਾ ਪੁਲਸ ਗੋਲੀਬਾਰੀ ਦੇ ਇਕ ਗਵਾਹ ਨੇ ਸੁਰੱਖਿਆ ਲਈ ਹੁਣ ਹਾਈ ਕੋਰਟ ਤਕ ਕਿਉਂ ਪਹੁੰਚ ਕੀਤੀ ਹੈ? ਇਥੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਪੁਲਸ ਗੋਲੀਬਾਰੀ ਦੇ 2 ਵੱਖ-ਵੱਖ ਕੇਸਾਂ 'ਚ ਕਾਂਗਰਸੀਆਂ 'ਤੇ ਇਕ ਗਵਾਹ ਨੂੰ ਮੌਤ ਦੇ ਮੂੰਹ ਵੱਲ ਧੱਕਣ ਅਤੇ ਦੂਜੇ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕੋਟਕਪੂਰਾ 'ਚ ਬਹਿਬਲ ਕਲਾਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ਪਿੰਡ ਉਸ ਦੀਆਂ ਅੰਤਿਮ ਰਸਮਾਂ 'ਚ ਹਿੱਸਾ ਲੈਣ ਦੀ ਬਜਾਏ ਕਾਂਗਰਸੀ ਆਗੂਆਂ ਗੁਰਪ੍ਰੀਤ ਕਾਂਗੜ ਅਤੇ ਕੁਸ਼ਲਦੀਪ ਢਿੱਲੋਂ ਨੇ ਸੁਰਜੀਤ ਸਿੰਘ ਦੀ ਪਤਨੀ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਇਥੇ ਇਕ ਪ੍ਰੈੱਸ ਕਾਨਫਰੰਸ ਰੱਖੀ ਸੀ, ਕਿਉਂਕਿ ਉਸ ਨੇ ਦੋਵੇਂ ਕਾਂਗਰਸੀ ਆਗੂਆਂ ਨੂੰ ਆਪਣੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ।

ਡਾ. ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਸੁਰਜੀਤ ਦੀ ਪਤਨੀ ਜਸਬੀਰ ਕੌਰ ਦੇ ਬਿਆਨ ਦਾ ਮਜ਼ਾਕ ਉਡਾ ਕੇ ਪੀੜਤ ਪਰਿਵਾਰ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਿਆ ਹੈ। ਚੀਮਾ ਨੇ ਕਿਹਾ ਕਿ ਕਾਂਗਰਸੀ ਨੇਤਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਖ਼ਿਲਾਫ ਦੋਸ਼ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਹੀਂ, ਸਗੋਂ ਸਾਬਕਾ ਸਰਪੰਚ ਦੀ ਪਤਨੀ ਅਤੇ ਬੇਟੇ ਨੇ ਲਾਏ ਹਨ ਤੇ ਪੀੜਤ ਪਰਿਵਾਰ ਵਲੋਂ ਇਹ ਦੋਸ਼ ਕਈ ਵਾਰ ਦੁਹਰਾਏ ਜਾ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਸੁਰਜੀਤ ਸਿੰਘ ਨੂੰ ਮਾਨਸਿਕ ਅਤੇ ਸਰੀਰਕ ਕਸ਼ਟ ਦੇਣ ਵਾਲਿਆਂ 'ਚ ਕਾਂਗੜ ਅਤੇ ਢਿੱਲੋਂ ਵੀ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਇਸ ਮਾਮਲਾ ਬਿਲਕੁੱਲ ਸਿੱਧਾ ਹੈ ਅਤੇ ਸਾਰੇ ਪੰਜਾਬੀ ਜਾਣਨਾ ਚਾਹੁੰਦੇ ਹਨ ਕਿ ਕਾਂਗੜ ਅਤੇ ਢਿੱਲੋਂ ਨੇ ਬਹਿਬਲ ਕਲਾਂ ਗੋਲੀਬਾਰੀ ਕੇਸ ਦੇ ਇਕਲੌਤੇ ਗਵਾਹ ਨੂੰ ਕਿਉਂ ਧਮਕਾਇਆ ਸੀ? ਉਨ੍ਹਾਂ ਕਿਹਾ ਕਿ ਇਸ ਬਿਆਨ ਉੱਤੇ ਸ਼ੱਕ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹ ਦੋਸ਼ ਸੁਰਜੀਤ ਦੀ ਪਤਨੀ ਜਸਬੀਰ ਨੇ ਲਾਇਆ ਹੈ, ਜਿਸ ਨੇ ਇਕ ਹੋਰ ਕਾਂਗਰਸੀ ਹੀਰਾ ਸੋਢੀ ਦੀ ਸ਼ਲਾਘਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੁਣ ਮੋਗਾ ਪੁਲਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਨੇ ਵੀ ਇਕ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਸ ਨੂੰ ਭਰਮਾਉਣ ਲਈ 2 ਲੱਖ ਦੇ ਚੈੱਕ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਇੰਨੇ ਹੀ ਪੈਸੇ ਹੋਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਗਵਾਹ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ ਕਿਉਂਕਿ ਉਸ ਨੂੰ ਧਮਕਾਉਣ ਵਾਲਿਆਂ ਕੋਲ ਸਰਕਾਰੀ ਸੁਰੱਖਿਆ ਹੈ। ਉਨ੍ਹਾਂ ਕਿਹਾ ਕਿ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਨਾਲ ਸਰਕਾਰ ਦੀ ਮਿਲੀਭੁਗਤ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ।

 


Anuradha

Content Editor

Related News