ਮੁੱਖ ਮੰਤਰੀ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਦਾ ਰਸਮੀ ਐਲਾਨ ਕੀਤਾ : ਚੀਮਾ

Wednesday, Jul 05, 2017 - 11:53 AM (IST)

ਮੁੱਖ ਮੰਤਰੀ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਦਾ ਰਸਮੀ ਐਲਾਨ ਕੀਤਾ : ਚੀਮਾ

ਚੰਡੀਗੜ੍ਹ (ਪਰਾਸ਼ਰ) : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਸਮੀ ਤੌਰ 'ਤੇ ਐਲਾਨ ਕਰ ਚੁੱਕੇ ਹਨ ਕਿ ਉਹ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰਨਗੇ। ਇਹ ਚਾਹੇ ਕਿਸਾਨਾਂ ਲਈ ਮੁਕੰਮਲ ਕਰਜ਼ਾ ਮੁਆਫੀ ਹੋਵੇ, ਸਮਾਜ ਭਲਾਈ ਸਕੀਮਾਂ ਦੀ ਰਾਸ਼ੀ ਵਧਾਉਣਾ ਹੋਵੇ ਜਾਂ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਹੋਵੇ। ਮੁੱਖ ਮੰਤਰੀ ਨੇ ਅੱਜ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਛੋਟੇ ਅਤੇ ਸਰਹੱਦੀ ਕਿਸਾਨਾਂ ਦੀ ਕਰਜ਼ਾ ਮੁਆਫੀ ਨਹੀਂ ਹੋਵੇਗੀ।
ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰੈੱਸ ਕਾਨਫਰੰਸ ਦੇ ਨਾਂ 'ਤੇ ਰਚੇ ਗਏ ਡਰਾਮੇ ਵਿਚ ਪੰਜਾਬੀਆਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਝੂਠੇ ਅੰਕੜੇ ਪੇਸ਼ ਕਰਕੇ ਮੂਰਖ ਬਣਾਇਆ ਗਿਆ ਹੈ। ਮੁੱਖ ਮੰਤਰੀ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਦੇ ਨਾਂ 'ਤੇ ਕੀਤੇ ਧੋਖੇ ਬਾਰੇ ਬੋਲਦਿਆਂ ਡਾ. ਚੀਮਾ ਨੇ ਕਿਹਾ ਕਿ ਮਹੀਨਿਆਂਬੱਧੀ ਸ਼ਬਦਾਂ ਨਾਲ ਖੇਡਣ ਮਗਰੋਂ ਅਮਰਿੰਦਰ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ ਫਸਲੀ ਕਰਜ਼ਾ ਹੀ ਮੁਆਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲੀ ਕਰਜ਼ਾ ਸਿਰਫ ਅਮੀਰ ਕਿਸਾਨਾਂ ਵੱਲੋਂ ਲਿਆ ਜਾਂਦਾ ਹੈ। ਇਹ ਸਿਰਫ 6 ਮਹੀਨੇ ਲਈ ਦਿੱਤਾ ਜਾਂਦਾ ਹੈ, ਇਸ ਵਿਚ ਵਾਪਸੀ ਦੀ ਦਰ 90 ਤੋਂ 95 ਫੀਸਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਵੱਲੋਂ ਲਿਆ ਕਰਜ਼ਾ ਇਕ ਸਾਲ ਤੋਂ ਵੱਧ ਸਮੇਂ ਵਾਲਾ ਹੈ। ਉਨ੍ਹਾਂ ਪੁੱਛਿਆ ਕਿ ਉਹ ਕਿਸਾਨ ਹੁਣ ਕਿੱਥੇ ਜਾਣਗੇ? ਸਾਰੀਆਂ ਉਮੀਦਾਂ ਢਹਿ ਢੇਰੀ ਹੋ ਗਈਆਂ ਹਨ। ਕੀ ਕਾਂਗਰਸ ਸਰਕਾਰ ਉਨ੍ਹਾਂ ਨੂੰ ਖੁਦਕੁਸ਼ੀ ਦੇ ਰਾਹ ਵੱਲ ਨਹੀਂ ਧੱਕ ਰਹੀ ਹੈ?


Related News