ਨੌਜਵਾਨਾਂ ਨੂੰ ਬੰਦੂਕ ਚੁੱਕਣ ਲਈ ਉਕਸਾ ਰਹੇ ਨੇ ਦਿਲਜੀਤ ਦੋਸਾਂਝ : ਰਵਨੀਤ ਬਿੱਟੂ

Thursday, Jun 04, 2020 - 10:12 PM (IST)

ਨੌਜਵਾਨਾਂ ਨੂੰ ਬੰਦੂਕ ਚੁੱਕਣ ਲਈ ਉਕਸਾ ਰਹੇ ਨੇ ਦਿਲਜੀਤ ਦੋਸਾਂਝ : ਰਵਨੀਤ ਬਿੱਟੂ

ਚੰਡੀਗੜ੍ਹ/ਖੰਨਾ(ਕਮਲ) : ਫਿਲਮੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਵੱਲੋਂ 6 ਜੂਨ 1984 ਘੱਲੂਘਾਰੇ ਦੇ ਦਿਨ੍ਹਾਂ ਨੂੰ ਲੈ ਕੇ ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਗਈ ਟਿੱਪਣੀ ਦਾ ਨੋਟਿਸ ਲੈਦਿਆਂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਗੱਲਬਾਤ ਦੌਰਾਨ ਗਾਇਕ ਦਿਲਜੀਤ ਦੋਸਾਂਝ ਉਪਰ ਪੰਜਾਬ ਦੇ ਨੌਜਵਾਨਾਂ ਨੂੰ ਉਕਸਾ ਕੇ ਮਾਹੌਲ ਖਰਾਬ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਅੰਦਰ ਰਹਿੰਦੇ ਸਿੱਖਾਂ ਲਈ ਜੂਨ ਦਾ ਮਹੀਨਾ ਬਹੁਤ ਹੀ ਦੁੱਖਦਾਈ ਹੁੰਦਾ ਹੈ। ਬਿੱਟੂ ਨੇ ਕਿਹਾ ਕਿ 6 ਜੂਨ 1984 ਦੌਰਾਨ ਵਾਪਰੇ ਸਾਕਾ ਨੀਲਾ ਤਾਰਾ ਨੇ ਹਰ ਸਿੱਖ ਦੇ ਹਿਰਦੇ ਨੂੰ ਵਲੁੰਧਰ ਕੇ ਰੱਖ ਦਿੱਤਾ ਸੀ, ਜਿਸ ਦਾ ਅੱਜ ਹਰ ਸਿੱਖ ਨੂੰ ਦੁੱਖ ਹੈ ਅਤੇ ਇਹ ਦਰਦ ਰਹਿੰਦੀ ਦੁਨੀਆਂ ਤੱਕ ਹਰ ਸਿੱਖ ਦੇ ਹਿਰਦੇ ਵਿਚ ਟੀਸ ਪਾਉਂਦਾ ਰਹੇਗਾ। ਇਕ ਸਿੱਖ ਹੋਣ ਦੇ ਨਾਤੇ ਇਸ ਘਟਨਾਂਕ੍ਰਮ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ ਪਰ ਇਸਦਾ ਇਹ ਮਤਲਬ ਨਹੀਂ ਇਸ ਘਟਨਾਕ੍ਰਮ ਦੇ ਨਾਮ 'ਤੇ ਕੋਈ ਵੀ ਵਿਅਕਤੀ ਪੰਜਾਬ ਵਿਚ ਸ਼ਹਾਦਤਾਂ ਦੇ ਕੇ ਲਿਆਂਦੀ ਗਈ ਅਮਨ ਸ਼ਾਂਤੀ ਨੂੰ ਲਾਂਬੂ ਲਾਵੇ।

ਸਾਂਸਦ ਬਿੱਟੂ ਨੇ ਕਿਹਾ ਕਿ ਦਿਲਜੀਤ ਨੇ ਫੇਸਬੁੱਕ 'ਤੇ ਲਾਇਵ ਹੋ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ 6 ਜੂਨ 1984 ਦੇ ਸਾਕੇ ਦੀ ਯਾਦ ਤਾਜ਼ਾ ਕਰਵਾਉਂਦੇ ਹੋਏ ਪੰਥ ਲਈ ਜਾਨਾਂ ਵਾਰਨ ਲਈ ਉਕਸਾਇਆ ਹੈ, ਜੋ ਕਿ ਬਹੁਤ ਹੀ ਗਲਤ ਹੈ। ਦੋਸਾਂਝ ਦੇ ਲੱਖਾਂ ਦੀ ਗਿਣਤੀ ਵਿਚ ਫੇਸਬੁੱਕ ਅਕਾਉਂਟ ਦੇ ਫਾਲੋਅਰਜ਼ ਹਨ, ਜੋ ਕਿ ਉਸ ਵੱਲੋਂ ਵਰਤੀ ਗਈ ਸ਼ਬਦਾਵਲੀ 'ਤੇ ਅਮਲ ਕਰਕੇ ਕੁਰਾਹੇ ਪੈ ਸਕਦੇ ਹਨ। ਬਿੱਟੂ ਨੇ ਕਿਹਾ ਕਿ ਦਿਲਜੀਤ ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨਾਂ ਨੂੰ ਬੰਦੂਕਾਂ ਚੁੱਕਣ ਲਈ ਉਕਸਾਉਣ ਤੋਂ ਪਹਿਲਾਂ ਦੱਸਣ ਕਿ ਉਹ ਖੁਦ ਬੰਦੂਕ ਚੁੱਕ ਸਕਦੇ ਹਨ। ਜੇਕਰ ਉਹ ਆਪ ਖੁਦ ਬੰਦੂਕ ਨਹੀਂ ਚੁੱਕ ਸਕਦੇ ਤਾਂ ਉਨ੍ਹਾਂ ਨੂੰ ਵੀ ਕਿਸੇ ਨੌਜਵਾਨ ਨੂੰ ਬੰਦੂਕ ਚੁੱਕ ਕੇ ਉਕਸਾਉਣ ਦਾ ਕੋਈ ਹੱਕ ਨਹੀਂ ਹੈ।
ਉਨ੍ਹਾਂ ਦਿਲਜੀਤ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਦੋਸਾਂਝ ਕਿਸੇ ਤੋਂ ਮਾਫੀ ਮੰਗਣ ਪਰ ਸੂਬੇ ਨੂੰ ਮੁੱੜ ਅੱਤਵਾਦ ਦੀ ਅੱਗ ਵਿਚ ਨਾ ਝੋਂਕਣ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਅੱਤਵਾਦ ਦੇ ਕਾਲੇ ਦੌਰ ਦਾ ਸੰਤਾਪ ਹੰਡਾਇਆ ਹੈ, ਕਈ ਮਾਵਾਂ ਨੇ ਆਪਣੇ ਪੁੱਤ ਤੇ ਕਈ ਭੈਣਾਂ ਨੇ ਆਪਣੇ ਭਰਾ ਅਤੇ ਸੁਹਾਗ ਗਵਾਏ ਹਨ। ਇਸ ਕਰਕੇ ਪੰਜਾਬ ਦੇ ਸਾਰੇ ਗਾਇਕ ਭਰਾ ਅਜਿਹੇ ਨਾਜੁਕ ਮਾਮਲਿਆਂ 'ਤੇ ਬਿਆਨਬਾਜ਼ੀ ਤੋਂ ਹਮੇਸ਼ਾ ਗੁਰੇਜ ਕਰਨ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਇਸੇ ਤਰ੍ਹਾਂ ਬਰਕਰਾਰ ਰਹੇ।


author

Deepak Kumar

Content Editor

Related News