ਹਜ਼ਮ ਨਹੀਂ ਹੋ ਰਹੀ ਬਾਦਲ ਦਲ ਵਲੋਂ ਭਾਜਪਾ ਨਾਲ ਸਾਂਝ ਤੋੜਨ ਦੀ ਦਲੀਲ : ਦਲ ਖਾਲਸਾ
Thursday, Jan 23, 2020 - 03:23 PM (IST)
ਜਲੰਧਰ (ਚਾਵਲਾ) : ਦਲ ਖਾਲਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਕਿ ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ, ਭਾਵੇਂ ਕੁਝ ਵੀ ਹੋ ਜਾਵੇ, ਦਾ ਮੋੜਵਾਂ ਜੁਆਬ ਦਿੰਦਿਆਂ ਕਿਹਾ ਕਿ ਪੰਜਾਬ ਮੋਦੀ ਸਰਕਾਰ ਦੇ ਹਰ ਫੁੱਟ-ਪਾਊ ਅਤੇ ਫਿਰਕੂ ਫੈਸਲਿਆਂ ਦਾ ਵਿਰੋਧ ਕਰੇਗਾ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ 25 ਜਨਵਰੀ ਨੂੰ ਪੰਜਾਬ ਦੇ ਲੋਕ ਮੁਕੰਮਲ ਬੰਦ ਰੱਖ ਕੇ ਮੁਸਲਮਾਨ ਅਤੇ ਦਲਿਤ ਭਾਈਚਾਰੇ ਨਾਲ ਪੂਰਨ ਇਕਜੁੱਟਤਾ ਦਿਖਾਉਣਗੇ। ਜ਼ਿਕਰਯੋਗ ਹੈ ਕਿ ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਹ ਸੱਦਾ ਨਾਗਰਿਕਤਾ ਕਾਨੂੰਨ, ਐੱਨ. ਸੀ. ਆਰ., ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ, ਸਿੱਖ ਨਜ਼ਰਬੰਦਾਂ ਨੂੰ ਰਿਹਾਅ ਕਰਨ ਤੋਂ ਮੁਨਕਰ ਹੋਣ, ਕਸ਼ਮੀਰ ਅੰਦਰ ਧਾਰਾ 370 ਤੋੜਨ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ 'ਤੇ ਦਿੱਲੀ ਦੀ ਪੁਲਸ ਅਤੇ ਏ. ਬੀ. ਵੀ. ਪੀ. ਵਲੋਂ ਢਾਹੇ ਕਹਿਰ ਅਤੇ ਭਾਜਪਾ ਦਾ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ ਦਿੱਤਾ ਹੈ। ਅਕਾਲੀ ਦਲ ਬਾਦਲ ਵਲੋਂ ਦਿੱਲੀ ਚੋਣਾਂ 'ਚ ਭਾਜਪਾ ਨਾਲੋਂ ਨਾਗਰਿਕਤਾ ਕਾਨੂੰਨ ਮੁੱਦੇ 'ਤੇ ਵਖਰੇਵਿਆਂ ਕਾਰਣ ਨਾਤਾ ਤੋੜਨ ਦੀ ਗੱਲ ਉਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਕਾਲੀਆਂ ਦੀ ਇਹ ਦਲੀਲ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਬਾਦਲਕਿਆਂ ਦੇ ਇਸ ਮਾਮਲੇ ਵਿਚ ਸਪੱਸ਼ਟ ਤੌਰ 'ਤੇ ਦੋਹਰੇ ਮਾਪਦੰਡ ਹਨ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਬਾਦਲਕਿਆਂ ਨੂੰ ਦੇਰ-ਸਵੇਰ ਇਹ ਅਹਿਸਾਸ ਹੋ ਗਿਆ ਹੈ ਕਿ ਨਾਗਰਿਕਤਾ ਕਾਨੂੰਨ ਫੁੱਟ-ਪਾਊ, ਫਿਰਕੂ ਅਤੇ ਪੱਖਪਾਤੀ ਹੈ ਤਾਂ ਉਨ੍ਹਾਂ ਨੂੰ ਪੰਥਕ ਜਥੇਬੰਦੀਆਂ ਵਲੋਂ 25 ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਨਾ ਚਾਹੀਦਾ ਹੈ।
ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਦਲ ਖਾਲਸਾ ਦੇ ਮੈਂਬਰਾਂ ਨੇ ਪੰਜਾਬ ਭਰ ਅੰਦਰ ਲੋਕਾਂ ਨੂੰ ਬੰਦ ਦੇ ਕਾਰਣਾਂ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ ਮੁਹਿੰਮ ਆਰੰਭ ਹੋਈ ਹੈ। ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਸਿੱਖ ਯੂਥ ਆਫ ਭਿੰਡਰਾਂਵਾਲਾ, ਜਥਾ ਸਿਰਲੱਥ ਨੇ ਪੰਜਾਬ ਬੰਦ ਦੇ ਸੱਦੇ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਦਲ ਖਾਲਸਾ ਦੇ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ ਹੇਠ ਵਰਕਰਾਂ ਨੇ ਦੁਕਾਨਦਾਰਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਪੋਸਟਰ ਅਤੇ ਪਰਚੇ ਵੰਡੇ, ਜਿਸ ਵਿਚ ਬੰਦ ਦੇ ਕਾਰਣ ਦੱਸੇ ਹੋਏ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਦਾਰੇ ਅਤੇ ਦੁਕਾਨਾਂ ਬੰਦ ਰੱਖ ਕੇ ਮੋਦੀ ਹਕੂਮਤ ਦੀਆਂ ਫਾਸ਼ੀਵਾਦੀ ਫੈਸਲਿਆਂ ਅਤੇ ਨਾਗਰਿਕਤਾ ਕਾਨੂੰਨ ਅੰਦਰ ਫਿਰਕੂ ਲੀਹਾਂ ਉਤੇ ਕੀਤੀਆਂ ਤਰਮੀਮਾਂ ਨੂੰ ਰੱਦ ਕਰਨ।
ਉਨ੍ਹਾਂ ਕਿਹਾ ਕਿ ਇਹ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਫੁੱਟ-ਪਾਊ ਕਾਨੂੰਨਾਂ ਅਤੇ ਸੰਵਿਧਾਨਕ ਧੱਕੇਸ਼ਾਹੀਆਂ ਦੇ ਵਿਰੋਧ 'ਚ ਹੋਵੇਗਾ। ਪੋਸਟਰਾਂ ਰਾਹੀਂ ਪੰਜਾਬ ਦੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ, ਮੂਲਵਾਸੀਆਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 25 ਜਨਵਰੀ ਨੂੰ ਆਪਣੇ ਵਿੱਦਿਅਕ ਅਤੇ ਵਪਾਰਕ ਅਦਾਰਿਆਂ, ਬੈਂਕ, ਪੈਟਰੋਲ ਪੰਪਾਂ ਨੂੰ ਬੰਦ ਰੱਖਣ ਤਾਂ ਜੋ ਕੇਂਦਰ ਸਰਕਾਰ ਨੂੰ ਕਰਾਰਾ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਭਾਜਪਾ ਦੀ ਫਾਸ਼ੀਵਾਦੀ ਵਿਚਾਰਧਾਰਾ ਦੇ ਵਿਰੋਧ ਵਿਚ ਖੜ੍ਹਾ ਹੈ। ਰਣਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਰੇਲ ਆਵਾਜਾਈ ਵਿਚ ਰੁਕਾਵਟ ਨਹੀਂ ਪਾਈ ਜਾਵੇਗੀ ਅਤੇ ਹਸਪਤਾਲ ਅਤੇ ਦਵਾਈਆਂ ਦੀਆਂ ਦੁਕਾਨਾਂ ਸਮੇਤ ਡਾਕਟਰੀ ਸਹੂਲਤਾਂ ਵਾਲੇ ਅਦਾਰੇ ਬੰਦ ਦੇ ਸੱਦੇ ਤੋਂ ਬਾਹਰ ਹਨ।